ਲਖੀਮਪੁਰ ਖੀਰੀ ਦੇ ਐਸਪੀ ਵਿਜੇ ਢੱਲ ਦਾ ਕੀਤਾ ਤਬਾਦਲਾ

ਲਖੀਮਪੁਰ ਖੀਰੀ : 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨਿਆ ਵਿਚ ਹੋਈ ਹਿੰਸਾ ਮਾਮਲੇ ਵਿਚ ਹੁਣ ਐਸਪੀ ਵਿਜੇ ਢੱਲ ਨੂੰ ਹਟਾ ਦਿੱਤਾ ਗਿਆ ਹੈ। ਸੂਬੇ ਦੀ ਯੋਗੀ ਸਰਕਾਰ ਨੇ ਵਿਜੇ ਢਿੱਲ ਨੂੰ ਡੀਜੀਪੀ ਹੈਡਕੁਆਰਟਰ ਨਾਲ ਅਟੈਚ ਕਰ ਦਿੱਤਾ ਹੈ। ਵਿਜੇ ਢੱਲ ਦੀ ਜਗ੍ਹਾ ਲਖਨਊ ਕਮਿਸ਼ਨਰੇਟ ਵਿਚ ਤੈਨਾਤ ਆਈਪੀਐਸ ਸੰਜੀਵ ਸੁਮਨ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦਾ ਨਵਾਂ ਐਸਪੀ ਬਣਾਇਆ ਗਿਆ ਹੈ। ਦੱਸ ਦੇਈਏ ਕਿ ਵਿਜੇ ਢੱਲ ਨੂੰ ਦੋ ਮਹੀਨੇ ਪਹਿਲਾਂ ਹੀ ਲਖੀਮਪੁਰ ਖੀਰੀ ਦਾ ਐਸਪੀ ਨਿਯੁਕਤ ਕੀਤਾ ਸੀ।
ਇਸ ਤੋਂ ਪਹਿਲਾਂ ਸੂਬੇ ਦੀ ਯੋਗੀ ਸਰਕਾਰ ਪਿਛਲੇ ਮਹੀਨੇ ਹੀ ਜ਼ਿਲ੍ਹਾ ਅਧਿਕਾਰੀ ਅਰਵਿੰਦ ਚੌਰਸੀਆ ਨੂੰ ਵੀ ਉਥੋਂ ਹਟਾ ਚੁੱਕੀ ਹੈ। ਉਨ੍ਹਾਂ ਦੀ ਜਗ੍ਹਾ ਆਈਏਐਸ ਮਹਿੰਦਰ ਬਹਾਦਰ ਸਿੰਘ ਨੂੰ ਨਵਾਂ ਡੀਐਮ ਬਣਾਇਆ ਗਿਆ ਸੀ। ਇਹੀ ਨਹੀਂ ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੇ ਡੀਆਈਜੀ ਉਪੇਂਦਰ ਅਗਰਵਾਲ ਦੀ ਨਵੀਂ ਤੈਨਾਤੀ ਲਖਨਊ ਹੈਡਕੁਆਰਟਰ ਤੋਂ ਦੇਵੀਪਾਟਨ ਮੰਡਲ ਕੀਤੀ ਗਈ। ਫਿਲਹਾਲ, ਅਜੇ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਦੇ ਚਲੀਏ ਕਿ ਲਖੀਮਪੁਰ ਹਿੰਸਾ ਮਾਮਲੇ ਵਿਚ ਫੋਰੈਂਸਿਕ ਲੈਬ ਦੀ ਰਿਪੋਰਟ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਦੋਸਤ ਅੰਕਿਤ ਦਾਸ ਦੇ ਲਾਇਸੈਂਸੀ ਹਥਿਆਰ ਦੀ ਬੈਲੇਸਟਿਕ ਰਿਪੋਰਟ ਵਿਚ ਫਾਇਰਿੰਗ ਦੀ ਪੁਸ਼ਟੀ ਹੋਈ। ਇਸ ਤੋਂ ਸਾਫ ਹੋ ਗਿਆ ਕਿ ਤਿਕੁਨਿਆ ਵਿਚ ਹਿੰਸਾ ਦੌਰਾਨ ਲਾਇਸੰਸੀ ਅਸਲੇ ਨਾਲ ਫਾਇਰਿੰਗ ਵੀ ਕੀਤੀ ਗਈ ਸੀ। ਦੱਸਦੇ ਚਲੀਏ ਕਿ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਤੇ ਇੱਕ ਪੱਤਰਕਾਰ ਸਣੇ 8 ਲੋਕਾਂ ਦੀ ਮੌਤ ਹੋਈ ਸੀ।