ਨਾਂਦੇੜ ਸਾਹਿਬ ਲਈ 24 ਨਵੰਬਰ ਤੋਂ ਹਰ ਬੁੱਧਵਾਰ ਅੰਮ੍ਰਿਤਸਰ ਤੋਂ ਉਡਾਣ ਭਰੇਗਾ ਏਅਰ ਇੰਡੀਆ ਦਾ ਜਹਾਜ਼

ਅੰਮ੍ਰਿਤਸਰ : ਅੰਮ੍ਰਿਤਸਰ ਅਤੇ ਨਾਂਦੇੜ ਸਾਹਿਬ ਦੇ ਵਿਚਾਲੇ ਏਅਰ ਇੰਡੀਆ ਦੀ ਸਿੱਧੀ ਫਲਾਈਟ ਇੱਕ ਵਾਰ ਮੁੜ ਤੋਂ ਉਡਾਣ ਭਰੇਗੀ। ਸਾਂਸਦ ਗੁਰਜੀਤ ਔਜਲਾ ਅਤੇ ਫਲਾਈਟ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖੀ ਸੀ, ਜਿਸ ਦੇ ਜਵਾਬ ਵਿਚ ਕੇਂਦਰ ਸਰਕਾਰ ਨੇ ਨਵੰਬਰ ਅੰਤ ਵਿਚ ਮੁੜ ਤੋਂ ਉਡਾਣ ਭਰਨ ’ਤੇ ਸਹਿਮਤੀ ਜਤਾਈ ਸੀ। ਇਸ ਲਈ ਅੰਮ੍ਰਿਤਸਰ-ਨਾਂਦੇੜ ਦੇ ਵਿਚਾਲੇ ਏਅਰ ਇੰਡੀਆ ਦੀ ਉਡਾਣ 24 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਟ ਅੰਮ੍ਰਿ੍ਰਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਹਰ ਬੁੱਧਵਾਰ ਨੂੰ ਉਡਾਣ ਭਰੇਗੀ। ਜਦ ਕਿ ਨਾਂਦੇੜ ਸਾਹਿਬ ਤੋਂ ਇਹ ਫਲਾਈਟ ਹਰ ਸ਼ਨਿੱਚਰਵਾਰ ਨੂੰ ਉਡਾਣ ਭਰੇਗੀ। ਅੰਮ੍ਰਿ੍ਰਤਸਰ ਤੋਂ ਇਹ ਫਲਾਈਟ 24 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅੰਮ੍ਰਿਤਸਰ ਤੋਂ ਹਰ ਬੁੱਧਵਾਰ ਸਵੇਰੇ ਪੌਣੇ 11 ਵਜੇ ਏਅਰ ਇੰਡੀਆ ਦੀ ਫਲਾਈਟ ਉਡੇਗੀ। ਸਵਾ ਦੋ ਘੰਟੇ ਦੇ ਸਫਰ ਤੋਂ ਬਾਅਦ ਫਲਾਈਟ ਦੁਪਹਿਰ ਇੱਕ ਵਜੇ ਨਾਂਦੇੜ ਵਿਚ ਲੈਂਡ ਹੋ ਜਾਵੇਗੀ।
ਇਸੇ ਤਰ੍ਹਾਂ ਨਾਂਦੇੜ ਤੋਂ ਪਹਿਲੀ ਉਡਾਣ 27 ਨਵੰਬਰ ਨੂੰ ਹੋਵੇਗੀ। ਫਲਾਈਟ ਹਰ ਸ਼ਨਿੱਚਰਵਾਰ ਸਵੇਰੇ ਸਵਾ 9 ਵਜੇ ਨਾਂਦੇੜ ਸਾਹਿਬ ਤੋਂ ਉਡੇਗੀ ਅਤੇ ਦੁਪਹਿਰ ਸਾਢੇ 11 ਵਜੇ ਅੰਮ੍ਰਿਤਸਰ ਵਿਚ ਲੈਂਡ ਹੋ ਜਾਵੇਗੀ। ਇਸ ਐਲਾਨ ਤੋਂ ਬਾਅਦ ਏਅਰ ਇੰਡੀਆ ਨੇ ਅਪਣੀ ਵੈਬਸਾਈਟ ’ਤੇ ਇਸ ਫਲਾਈਟ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
30 ਸਤੰਬਰ ਨੂੰ ਫਲਾਈਟ ਦੇ ਬੰਦ ਹੋਣ ਤੋਂ ਬਾਅਦ ਪੰਜਾਬ ਵਿਚ ਇਸ ਦੀ ਨਿੰਦਾ ਸ਼ੁੂਰੂ ਹੋ ਗਈ ਸੀ। ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਇਹ ਫਲਾਈਟ ਹਫਤੇ ਵਿਚ ਤਿੰਨ ਦਿਨ ਉਡਾਣ ਭਰਦੀ ਸੀ। ਹੁਣ ਪੰਜਾਬੀਆਂ ਦੀ ਮੰਗ ਹੈ ਕਿ ਇਸ ਫਲਾਈਟ ਨੁੂੰ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ ਲੇਕਿਨ ਕੁਝ ਸਮੇਂ ਬਾਅਦ ਇਸ ਨੂੰ ਹਫਤੇ ਵਿਚ ਤਿੰਨ ਦਿਨ ਕਰ ਦਿੱਤਾ ਜਾਵੇ।