ਬਜ਼ਾਰ ਵਿੱਚ ਲਗਦੇ ਜਾਮ ਨੂੰ ਦੇਖਦਿਆਂ ਕੀਤੇ ਨਜਾਇਜ਼ ਕਬਜ਼ਿਆਂ ਤੇ ਸਖਤ ਹੋਈ ਪੁਲਿਸ 

ਬਜ਼ਾਰ ਵਿੱਚ ਲਗਦੇ ਜਾਮ ਨੂੰ ਦੇਖਦਿਆਂ ਕੀਤੇ ਨਜਾਇਜ਼ ਕਬਜ਼ਿਆਂ ਤੇ ਸਖਤ ਹੋਈ ਪੁਲਿਸ

 

ਰੇੜੀਆਂ ਵਾਲਿਆਂ ਤੋਂ ਮਹਿਨਾ ਲੈਣ ਵਾਲੇ ਦੁਕਾਨਦਾਰਾਂ ਨੂੰ ਕੀਤੀ ਤਾੜਨਾ

ਅਮਰਗੜ੍ਹ 21 ਸਤੰਬਰ  ਗੁਰਬਾਜ ਸਿੰਘ ਬੈਨੀਪਾਲ

ਨਾਭਾ ਮਾਲੇਰਕੋਟਲਾ ਸੜਕ ਉੱਪਰ ਵਸੇ ਅਮਰਗੜ੍ਹ ਸ਼ਹਿਰ ਦੇ ਬਾਜ਼ਾਰ ਅੰਦਰ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਟਰੈਫਿਕ ਸਮੱਸਿਆ ਨੂੰ ਨਜਿੱਠਣ ਲਈ ਅਮਰਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲ ਕਦਮੀ ਕਰਦਿਆਂ ਸੁਹਿਰਦ ਯਤਨ ਕੀਤੇ ਜਾ ਰਹੇ ਹਨ , ਜਿਸ ਦੇ ਅੰਤਰਗਤ ਡੀ ਐਸ ਪੀ ਅਮਰਗੜ੍ਹ ਦਵਿੰਦਰ ਸਿੰਘ ਸੰਧੂ ਅਤੇ ਐਸ ਐਚ ਓ ਅਮਰਗੜ੍ਹ ਗੁਰਪ੍ਰੀਤ ਕੌਰ ਵੱਲੋਂ ਸਾਂਝਾ ਉੱਦਮ ਕਰਦਿਆਂ ਅਮਰਗੜ੍ਹ ਬਾਜ਼ਾਰ ਨਾਲ ਸੰਬੰਧਿਤ ਦੁਕਾਨਦਾਰ ਭਾਈਚਾਰੇ ਦੀ ਮੀਟਿੰਗ ਸੱਦੀ ਗਈ , ਜਿਸ ਮੀਟਿੰਗ ਦੌਰਾਨ ਦੁਕਾਨਦਾਰਾਂ ਦੇ ਵਿਚਾਰ ਵੀ ਸੁਣੇ ਗਏ । ਅਗਰਵਾਲ ਸਭਾ ਅਮਰਗੜ੍ਹ ਦੇ ਪ੍ਰਧਾਨ ਸ੍ਰੀ ਸੰਜੇ ਅਤੇ ਚੀਨੂੰ ਕੌਂਸਲ ਨੇ ਪੁਲਿਸ ਪ੍ਰਸ਼ਾਸਨ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਸਮੇਂ ਮੌਜੂਦ ਕੁਝ ਹੋਰ ਦੁਕਾਨਦਾਰਾਂ ਦਾ ਇਹ ਕਹਿਣਾ ਸੀ ਕਿ ਬਾਜ਼ਾਰ ਅੰਦਰ ਕੁਝ ਦੁਕਾਨਦਾਰਾਂ ਵੱਲੋਂ ਹੀ ਆਪਣੇ ਅੱਗੇ ਰੇੜੀਆਂ ਵਾਲੇ ਖੜਾਏ ਹੋਏ ਹਨ ਜਿਨਾਂ ਤੋਂ ਉਹ ਹਰ ਮਹੀਨੇ ਕਿਰਾਇਆ ਵਸੂਲਦੇ ਹਨ , ਜਿਸ ਕਾਰਨ ਟਰੈਫਿਕ ਦੀ ਸਮੱਸਿਆ ਹੋਰ ਗੰਭੀਰ ਹੁੰਦੀ ਹੈ , ਇਸ ਤੋਂ ਇਲਾਵਾ ਜਿਸ ਜਗ੍ਹਾ ਉੱਪਰ ਬੱਸਾਂ ਨੇ ਰੁਕਣਾ ਹੁੰਦਾ ਹੈ , ਉਥੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਉਣ ਜਾਣ ਵਾਲੀ ਟਰੈਫਿਕ ਦੇ ਰੁਕਣ ਦਾ ਮੁੱਦਾ ਵੀ ਉਠਾਇਆ ਗਿਆ । ਅੰਤ ਵਿੱਚ ਡੀ ਐਸ ਪੀ ਦਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਜੇਕਰ ਉਹ ਆਪ ਹਟਾਉਂਦੇ ਹਨ ਤਾਂ ਚੰਗੀ ਗੱਲ ਹੈ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਪਵੇਗੀ , ਇਸ ਤੋਂ ਇਲਾਵਾ ਉਨ੍ਹਾਂ ਟਰੈਕਟਰਾਂ ਉੱਪਰ ਉੱਚੀ ਆਵਾਜ਼ ਵਿੱਚ ਗੀਤ ਚਲਾਉਣ ਵਾਲੇ ਚਾਲਕਾਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਬਾਜ਼ਾਰ ਅੰਦਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਨ੍ਹਾਂ ਦੇ ਤੁਰੰਤ ਚਲਾਣ ਕੱਟੇ ਜਾਣਗੇ । ਬਾਕੀ ਦੇਖਦਿਆਂ ਹਾਂ ਕੇ ਦੁਕਾਨਾਂ ਵਾਲੇ ਸੱਦੀ ਮੀਟਿੰਗ ਦਾ ਅਸਰ ਕਰਦੇ ਹਨ ਜਾ ਫਿਰ ਪੁਲਿਸ ਉਪਰ ਰਾਜਨੀਤੀ ਭਾਰੀ ਪਵੇਗੀ।