ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਧਾਰਮਿਕ ਦੀਵਾਨ ਪਿੰਡ ਫਫੜੇ ਭਾਈਕੇ ਵਿਖੇ 25,26 ਅਤੇ 27 ਸਤੰਬਰ ਨੂੰ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ )-ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਪਿੰਡ ਫਫੜੇ ਭਾਈਕੇ ਜ਼ਿਲ੍ਹਾ ਮਾਨਸਾ ਵਿਖੇ ਸਾਲਾਨਾ ਜੋੜ ਮੇਲਾ ਅਤੇ ਧਾਰਮਿਕ ਦੀਵਾਨ 25,26 ਅਤੇ 27 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ ਨੇ ਦੱਸਿਆ ਕਿ ਮਨੁੱਖਤਾ ਅਤੇ ਕਿਰਤ ਦੀ ਸੇਵਾ ਤਨ ਮਨ ਧਨ ਨਾਲ ਨਿਭਾਉਣ ਵਾਲੇ ਸਿੱਖ ਧਰਮ ਦੇ ਪ੍ਰਮੁੱਖ ਮਹਾਂਪੁਰਖ ਭਾਈ ਬਹਿਲੋ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਫਫੜੇ ਭਾਈਕੇ ਵਿਖੇ 25,26 ਅਤੇ 27 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਗੁਰੂ ਘਰ ਦੇ ਪ੍ਰਮੁੱਖ ਕੀਰਤਨੀਏ ਗੁਰਬਾਣੀ ਅਤੇ ਮਨੋਹਰ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਵੱਲੋਂ ਭਾਈ ਬਹਿਲੋ ਜੀ ਦੇ ਇਤਿਹਾਸ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸ਼ੇਸ਼ ਚਾਨਣਾ ਪਾਇਆ ਜਾਵੇਗਾ।ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਵਿਸ਼ਾਲ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ।ਜਿਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਗਤਕਾ ਪਾਰਟੀ ਆਪਣਾ ਜੌਹਰ ਵਿਖਾਉਣਗੇ ਅਤੇ ਪਾਇਪ ਬੈਂਡ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨਗੇ।ਸਕੂਲਾਂ ਦੇ ਬੱਚੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ ਅਤੇ ਢਾਡੀ ਜਥੇ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮਾਗਮ ਵਿੱਚ ਪਹੁੰਚ ਰਹੇ ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਤਲਵੰਡੀ ਸਾਬੋ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੂੰ ਮੁੱਖ ਸੱਦਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਪੁੱਜ ਰਹੀਆਂ ਸਖਸ਼ੀਅਤਾਂ ਵਿੱਚ ਐਸ.ਜੀ.ਪੀ.ਸੀ ਮੈਂਬਰ ਬਾਬਾ ਬੂਟਾ ਸਿੰਘ ਗੁਰਥਰੀ,ਸ੍ਰ ਸੁਰਜੀਤ ਸਿੰਘ ਰਾਏਪੁਰ,ਸ੍ਰ ਮਿੱਠੂ ਸਿੰਘ ਕਾਹਨੇ ਕੇ ਮੈਂਬਰ ਅੰਤਰਿਕ ਕਮੇਟੀ,ਗੁਰਦੁਆਰਾ ਸਾਹਿਬ ਪਿੰਡ ਫਫੜੇ ਭਾਈਕੇ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਫੌਜੀ, ਮੈਂਬਰ ਨਵਤੇਜ ਸਿੰਘ ਟੈਟੂ, ਮੈਂਬਰ ਗੁਰਜੰਟ ਸਿੰਘ,ਮੈਨੇਜਰ ਹਿੰਮਤ ਸਿੰਘ ਅਤੇ ਸੋਹਨ ਸਿੰਘ ਆਦਿ ਹਾਜ਼ਰ ਰਹਿਣਗੇ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।