ਅਸਾਮ ਵਿਚ ਵੱਡਾ ਸੜਕ ਹਾਦਸਾ, 10 ਲੋਕਾਂ ਦੀ ਹੋਈ ਮੌਤ

ਕਰੀਮਗੰਜ: ਅਸਾਮ ਦੇ ਕਰੀਮਗੰਜ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਇੱਥੇ ਇੱਕ ਆਟੋ ਰਿਕਸ਼ਾ ਦੀ ਸੀਮਿੰਟ ਲਿਆਉਣ ਵਾਲੇ ਟਰੱਕ ਨਾਲ ਟੱਕਰ ਹੋ ਗਈ । ਮ੍ਰਿਤਕਾਂ ਵਿਚੋਂ ਕਿਸੇ ਦੀ ਵੀ ਪਛਾਣ ਨਹੀ ਹੋ ਸਕੀ। ਅਜਿਹਾ ਕਿਹਾ ਜਾ ਰਿਹਾ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦ ਲੋਕ ਅੱਧੀ ਰਾਤ ਨੂੰ ਛਠ ਪੂਜਾ ਕਰਕੇ ਪਰਤ ਰਹੇ ਸੀ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਅਸਾਮ ਅਤੇ ਤ੍ਰਿਪੁਰਾ ਰੋਡ ਨੂੰ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਕ ਟਰੱਕ ਦੀ ਸਪੀਡ ਕਾਫੀ ਤੇਜ਼ ਸੀ ਜਿਸ ਦੇ ਚਲਦਿਆਂ ਆਟੋ ਰਿਕਸ਼ਾ ਦੇ ਅੰਦਰ ਬੈਠੇ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਬੈਥਾਖਲ ਇਲਾਕੇ ਵਿਚ ਨੈਸ਼ਨਲ ਹਾਈਵੇ 8 ’ਤੇ ਵਾਪਰੀ। ਇਹ ਜਗ੍ਹਾ ਅਸਾਮ-ਤ੍ਰਿਪੁਰਾ ਸਰਹੱਦ ’ਦੇ ਕਰੀਮਗੰਜ ਜ਼ਿਲ੍ਹੇ ਦੇ ਪਾਥਰਕਾਂਡੀ ਪੁਲਿਸ ਥਾਣਾ ਖੇਤਰ ਦੇ ਤਹਿਤ ਆਉਂਦੀ ਹੈ। ਪੁਲਿਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚੀ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਟਰੱਕ ਅਤੇ ਆਟੋ ਦੀ ਸਿੱਧੀ ਟੱਕਰ ਤੋਂ ਬਾਅਦ ਹੋਇਆ।
ਪੁਲਿਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਇੱਕ ਹੋਰ ਸ਼ਖ਼ਸ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਪੁਲਿਸ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਉਹ ਛਠ ਪੂਜਾ ਕਰਨ ਤੋਂ ਬਾਅਦ ਆਟੋ ਰਿਕਸ਼ਾ ਵਿਚ ਅਪਣੇ ਘਰ ਵਾਪਸ ਜਾ ਰਹੇ ਸੀ। ਉਲਟੀ ਦਿਸ਼ਾ ਤੋਂ ਆ ਰਹੇ ਟਰੱਕ ਦੀ ਟੱਕਰ ਆਟੋ ਰਿਕਸ਼ਾ ਨਾਲ ਹੋ ਗਈ। ਮ੍ਰਿਤਕਾਂ ਵਿਚ ਤਿੰਨ ਪੁਰਸ਼, ਪੰਜ ਮਹਿਲਾਵਾਂ ਅਤੇ ਦੋ ਬੱਚੇ ਸ਼ਾਮਲ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਸਾਡਾ ਸਰਚ ਅਪਰੇਸ਼ਨ ਜਾਰੀ ਹੈ।