September 19, 2024

PUNJAB

INDIA NEWS

ਪੁਲੀਸ ਅੜਿੱਕੇ ਆਏ ਡਰੱਗ ਇੰਸਪੈਕਟਰ ਦੇ ਨੇੜਲਿਆਂ ‘ਤੇ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ 

ਪੁਲੀਸ ਅੜਿੱਕੇ ਆਏ ਡਰੱਗ ਇੰਸਪੈਕਟਰ ਦੇ ਨੇੜਲਿਆਂ ‘ਤੇ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਇੰਸਪੈਕਟਰ ਨਾਲ ਰਲੇ ਦਵਾਈਆਂ ਵਾਲਿਆਂ ਅਤੇ ਪੁਲੀਸ ਅਧਿਕਾਰੀਆਂ ਦੀ ਜਾਇਦਾਦ ਜਬਤ ਕਰਨ ਦੀ ਮੰਗ

ਗੁਰਜੰਟ ਸਿੰਘ ਬਾਜੇਵਾਲੀਆ 

 ਮਾਨਸਾ -17 ਸਤੰਬਰ- ਨਸ਼ਾ ਬੰਦੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ। ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੰਦਿਆਂ ਆਗੂਆਂ ਮੰਗ ਕੀਤੀ ਕਿ ਪੁਲੀਸ ਵੱਲੋਂ ਮੁਹਾਲੀ ਤੋਂ ਗਿਰਫਤਾਰ ਕੀਤੇ ਗਏ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਸਾਥੀ ਤੇ ਮੱਦਦਗਾਰ ਰਹੇ ਮਾਨਸਾ ਮੈਡੀਕੋਜ ਤੇ ਮਾਨਸਾ ਵਿਖੇ ਤਾਇਨਾਤ ਰਹੇ ਡੀ ਐਸ ਪੀ ਸੰਜੀਵ ਗੋਇਲ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਦੀ ਪੜਤਾਲ ਕਰਵਾਕੇ ਜਬਤ ਕੀਤਾ ਜਾਵੇ। ਆਗੂਆਂ ਨੇ ਜਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੈਡੀਕਲ ਨਸ਼ਿਆਂ ਦੀ ਸ਼ਰੇਆਮ ਵਿੱਕਰੀ ਨੂੰ ਲੈ ਕੇ ਮਾਨਸਾ ਵਿਖੇ ਲੰਬਾ ਸਮਾਂ ਪੱਕਾ ਮੋਰਚਾ ਅਤੇ ਤਿੱਖਾ ਸੰਘਰਸ਼ ਚੱਲਿਆ ਸੀ। ਇਸ ਦੌਰਾਨ ਵੀ ਡਰੱਗ ਇੰਸਪੈਕਟਰ ਸਮੇਤ ਮਾਨਸਾ ਮੈਡੀਕੋਜ, ਡੀ ਐਸ ਪੀ , ਝੂਠੇ ਪਰਚੇ ਦਰਜ ਕਰਕੇ ਸੰਘਰਸ਼ ਨੂੰ ਦਬਾਉਂਣ ਦੀ ਕੋਸ਼ਿਸ਼ ਕਰਨ ਵਾਲੇ ਥਾਨੇਦਾਰ ਅਵਤਾਰ ਸਿੰਘ ਤੇ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੋਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਂਦੀ ਰਹੀ ਸੀ। ਉਨ੍ਹਾਂ ਕਿਹਾ ਕਰੋੜਾਂ ਰੁਪੈ ਦੀ ਨਗਦੀ ਨਾਲ ਡਰੱਗ ਇੰਸਪੈਕਟਰ ਨੂੰ ਗਿਰਫਤਾਰ ਕਰਕੇ ਪੁਲੀਸ ਨੇ ਸੰਘਰਸ਼ ‘ਤੇ ਜਿਹੜੀ ਮੋਹਰ ਹੁਣ ਲਾਈ ਹੈ ਇਹ ਪਿਛਲੇ ਸਾਲ ਹੀ ਲਗਾਉਂਣੀ ਚਾਹੀਦੀ ਸੀ। ਆਗੂਆਂ ਕਿਹਾ ਕਿ ਸਾਡੀ ਹਮੇਸ਼ਾਂ ਹੀ ਮੰਗ ਰਹੀ ਹੈ ਕਿ ਸ਼ਰੇਆਮ ਮੈਡੀਕਲ ਅਤੇ ਹੋਰ ਨਸ਼ੇ ਵੇਚਣ ਵਾਲਿਆਂ ਨੂੰ ਫੜਿਆ ਜਾਵੇ,ਉਨ੍ਹਾਂ ਨਸ਼ਾ ਸਮੱਗਰੀ ਸਪਲਾਈ ਕਰਨ ਵਾਲਿਆਂ ਨੂੰ ਫੜਿਆ ਜਾਵੇ, ਨਸ਼ਾ ਤਸਕਰਾਂ ਨੂੰ ਸੁਰੱਖਿਅਤ ਥਾਂ ਮੁਹੱਈਆ ਕਰਨ ਵਿੱਚ ਮੱਦਦ ਕਰਨ ਵਾਲੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਦਾਗੀ ਤੇ ਸ਼ੱਕੀ ਪੁਲੀਸ ਵਾਲਿਆਂ ਦੀ ਪੜਤਾਲ ਕੀਤੀ ਜਾਵੇ। ਆਗੂਆਂ ਕਿਹਾ ਕਿ ਛੋਟੀ ਮੁਲਾਜਮਤ ਵਾਲਾ ਡਰੱਗ ਇੰਸਪੈਕਟਰ ਇਕੱਲਾ ਐਨਾ ਵੱਡਾ ਗੋਰਖਧੰਦਾ ਨਹੀਂ ਚਲਾ ਸਕਦਾ। ਉਸਦੀ ਅਗਵਾਈ ਕਰਨ ਵਾਲੇ, ਉਸਦੀ ਮੱਦਦ ਕਰਨ ਵਾਲੇ ਹੋਰ ਵੀ ਬਹੁਤ ਹਨ । ਪੰਜਾਬ ਦੀ ਜਵਾਨੀ ਅਤੇ ਨਸਲਾਂ ਬਚਾਉਂਣ ਵਿੱਚ ਲੱਗੇ ਲੋਕਾਂ ਦੀ ਮੱਦਦ ਕੀਤੀ ਜਾਵੇ।ਨਸ਼ਾ ਤਸਕਰਾਂ, ਤਸਕਰਾਂ ਦੀ ਮੱਦਦ ਕਰਨ ਵਾਲੇ ਪੁਲੀਸ ਅਫਸਰਾਂ ਦੇ ਮੋਢੇ ਥਾਪੜਨ ਵਾਲੇ ਰਾਜਨੀਤਿਕ ਲੋਕਾਂ ਨੂੰ ਵੀ ਬੇਪਰਦਾ ਕਰਕੇ ਜਨਤਿਕ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ਡਰੱਗ ਇੰਸਪੈਕਟਰ ਦੇ ਵਿਦੇਸ਼ੀ ਦੌਰੇ ਤੇ ਵਿਦੇਸ਼ੀ ਕਰੰਸੀ ਦੇ ਗੋਰਖ ਧੰਦੇ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਮੰਤਰੀ ਜਵਾਬ ਦੇਣ ਕਿ ਉਨ੍ਹਾਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ।

ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣ ਅਤੇ ਰੋਜਗਾਰ ਪ੍ਰਾਪਤੀ ਤੱਕ ਉਨ੍ਹਾਂ ਦੀ ਸਰਕਾਰੀ ਮੱਦਦ ਯਕੀਨੀ ਬਣਾਈ ਜਾਵੇ।

ਪੰਚਾਇਤੀ ਚੋਣਾਂ ਤੋਂ ਲੈ ਕੇ ਨਗਰ ਕੌਸ਼ਲ, ਜਿ਼ਲ੍ਹਾ ਪ੍ਰੀਸ਼ਦ, ਵਿਧਾਨ ਸਭਾ ਅਤੇ ਮੈਂਬਰ ਪਾਰਲੀਮੈਂਟ ਚੋਣਾਂ ਤੱਕ ਵੋਟਾਂ ਲਈ ਨਸ਼ੇ ਅਤੇ ਪੈਸੇ ਵੰਡਣ ਵਾਲਿਆਂ `ਤੇ ਪੂਰਨ ਪਾਬੰਦੀ ਲੱਗੇ ਅਤੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦਾ ਖਾਕਾ ਤਿਆਰ ਕੀਤਾ ਜਾਵੇ।ਮੰਗ ਪੱਤਰ ਪ੍ਰਾਪਤ ਕਰਦਿਆਂ ਡਿਪਟੀ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਖੁਦ ਵੀ ਜਲਦੀ ਕਾਰਵਾਈ ਕਰਨਗੇ ਅਤੇ ਨਾਲ ਹੀ ਜਥੇਬੰਦੀਆਂ ਦੀ ਇਸ ਮੰਗ ਨੂੰ ਮੁੱਖ ਮੰਤਰੀ ਪੰਜਾਬ ਤੱਕ ਪੁੱਜਦਾ ਕਰਨਗੇ। ਇਸ ਮੌਕੇ ਵਫਦ ਵਿਚ ਸੁਰਿੰਦਰਪਾਲ ਸ਼ਰਮਾ, ਸਿੰਕਦਰ ਘਰਾਂਗਣਾ, ਗਗਨ ਸਿਰਸੀਵਾਲਾ , ਮੱਖਣ ਸਿੰਘ ਮਾਨ,ਮੇਜ਼ਰ ਸਿੰਘ ਦਰੀਆਪੁਰ, ਗੋਰਾ ਲਾਲ ਅਤਲਾ, ਗੁਰਸੇਵਕ ਮਾਨ,ਕੁਲਵਿੰਦਰ ਕਾਲੀ , ਮੇਜ਼ਰ ਸਿੰਘ ਖੋਖਰ, ਰਾਹੁਲ ਕੁਮਾਰ ਸਮੇਤ ਹੋਰ ਆਗੂ ਸ਼ਾਮਿਲ ਸਨ।