ਰੀਗਾ : ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। 18 ਸਾਲਾ ਅਰਜੁਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਪਹਿਲੀਆਂ ਨੌਂ ਬਾਜ਼ੀਆਂ ਜਿੱਤੀਆਂ। ਉਨ੍ਹਾਂ ਨੇ ਇਸ ਟੂਰਨਾਮੈਂਟ ਨਾਲ 107.2 ਬਲਟਿਜ ਰੇਟਿੰਗ ਅੰਕ ਹਾਸਲ ਕੀਤੇ ਜਿਸ ਨਾਲ ਉਹ 2730 ਈਐੱਲਓ ਰੇਟਿੰਗ ਅੰਕਾਂ ਨਾਲ ਦੁਨੀਆ ਦੇ ਚੋਟੀ ਦੇ 30 ਖਿਡਾਰੀਆਂ ਵਿਚ ਪੁੱਜ ਗਏ।
ਇਸ ਭਾਰਤੀ ਗਰੈਂਡ ਮਾਸਟਰ ਨੇ ਪਹਿਲੀਆਂ 10 ਬਾਜ਼ੀਆਂ ਵਿਚ 9.5 ਅੰਕ ਹਾਸਲ ਕੀਤੇ ਤੇ ਇਸ ਵਿਚਾਲੇ ਲੇਵੋਨ ਆਰੋਨੀਅਨ, ਡੇਵਿਡ ਹਾਵੇਲ ਤੇ ਰਊਫ ਮਾਮੇਦੋਵ ਵਰਗੇ ਖਿਡਾਰੀਆਂ ‘ਤੇ 2-0 ਨਾਲ ਜਿੱਤ ਦਰਜ ਕੀਤੀ ਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਵੀ ਹਰਾਇਆ। ਆਖ਼ਰੀ ਗੇੜ ਵਿਚ ਹਾਲਾਂਕਿ ਯੂਕਰੇਨ ਦੇ ਕਿਰੀਲ ਸ਼ੇਵਚੇਂਕੋ ਨੇ ਉਨ੍ਹਾਂ ਨੂੰ 2-0 ਨਾਲ ਹਰਾ ਦਿੱਤਾ। ਉਨ੍ਹਾਂ ਨੇ ਆਖ਼ਰ ਵਿਚ ਕਾਰੂਆਨਾ ਦੇ ਬਰਾਬਰ 13.5 ਅੰਕ ਹਾਸਲ ਕੀਤੇ। ਉਨ੍ਹਾਂ ਨੇ 18 ਬਾਜ਼ੀਆਂ ਵਿਚੋਂ 13 ਵਿਚ ਜਿੱਤ ਦਰਜ ਕੀਤੀ।