ਕੋਲਕਾਤਾ ਦੇ ਮਿਤ੍ਰਾਭ ਗੁਹਾ ਬਣੇ ਭਾਰਤ ਦੇ 72ਵੇਂ ਗਰੈਂਡ ਮਾਸਟਰ

ਚੇਨਈ : ਕੋਲਕਾਤਾ ਦੇ ਮਿਤ੍ਰਾਭ ਗੁਹਾ ਸਰਬੀਆ ਵਿਚ ਸ਼ਤਰੰਜ ਟੂਰਨਾਮੈਂਟ ਦੌਰਾਨ ਤੀਜਾ ਤੇ ਆਖ਼ਰੀ ਗਰੈਂਡ ਮਾਸਟਰ ਨਾਰਮ ਹਾਸਲ ਕਰ ਕੇ ਭਾਰਤ ਦੇ 72ਵੇਂ ਗਰੈਂਡ ਮਾਸਟਰ ਬਣ ਗਏ ਹਨ। 20 ਸਾਲ ਦੇ ਗੁਹਾ ਨੇ ਸਰਬੀਆ ਦੇ ਨੋਵੀ ਸਾਦ ਵਿਚ ਚੱਲ ਰਹੇ ਗਰੈਂਡ ਮਾਸਟਰ ਥਰਡ ਸੇਟਰਡੇ ਮਿਕਸ 220 ਟੂਰਨਾਮੈਂਟ ਵਿਚ ਆਖ਼ਰੀ ਨਾਰਮ ਹਾਸਲ ਕਰ ਕੇ ਗਰੈਂਡ ਮਾਸਟਰ ਖ਼ਿਤਾਬ ਹਾਸਲ ਕੀਤਾ। ਸੋਮਵਾਰ ਨੂੰ ਨੌਵੇਂ ਗੇੜ ਵਿਚ ਸਰਬੀਆ ਦੇ ਗਰੈਂਡ ਮਾਸਟਰ ਨਿਕੋਲਾ ਸੇਡਲਾਕ ਨੂੰ ਹਰਾਉਣ ਵਾਲੇ ਗੁਹਾ ਨੇ ਹੁਣ ਤਕ ਛੇ ਜਿੱਤਾਂ ਤੇ ਦੋ ਡਰਾਅ ਨਾਲ ਸੱਤ ਅੰਕ ਹਾਸਲ ਕੀਤੇ ਹਨ।

ਉਨ੍ਹਾਂ ਨੂੰ ਸੱਤਵੇਂ ਗੇੜ ਵਿਚ ਰੂਸ ਦੇ ਗਰੈਂਡ ਮਾਸਟਰ ਵਲਾਦੀਮੀਰ ਜਾਖਾਰਤਸੋਵ ਖ਼ਿਲਾਫ਼ ਇੱਕੋ ਇਕ ਹਾਰ ਦਾ ਸਾਹਮਣਾ ਕਰਨਾ ਪਿਆ। ਕੋਲਕਾਤਾ ਦੇ ਗੁਹਾ ਨੇ ਆਪਣਾ ਦੂਜਾ ਗਰੈਂਡ ਮਾਸਟਰ ਨਾਰਮ ਇਕ ਪੰਦਰਵਾੜਾ ਪਹਿਲਾਂ ਬੰਗਲਾਦੇਸ਼ ਵਿਚ ਸ਼ੇਖ ਰਸੇਲ ਗਰੈਂਡ ਮਾਸਟਰ ਟੂਰਨਾਮੈਂਟ ਵਿਚ ਹਾਸਲ ਕੀਤਾ ਸੀ। ਉਹ ਟੂਰਨਾਮੈਂਟ ਦੇ ਦੂਜੇ ਗੇੜ ਦੌਰਾਨ 2500 ਈਐੱਲਓ ਰੇਟਿੰਗ ਨੂੰ ਵੀ ਪਾਰ ਕਰਨ ਵਿਚ ਕਾਮਯਾਬ ਰਹੇ ਸਨ। ਇਕ ਖਿਡਾਰੀ ਨੂੰ ਗਰੈਂਡ ਮਾਸਟਰ ਬਣਨ ਲਈ ਤਿੰਨ ਗਰੈਂਡ ਮਾਸਟਰ ਨਾਰਮ ਹਾਸਲ ਕਰਨ ਤੋਂ ਇਲਾਵਾ ਲਾਈਵ ਰੇਟਿੰਗ ਵਿਚ 2500 ਈਐੱਲਓ ਅੰਕਾਂ ਨੂੰ ਪਾਰ ਕਰਨਾ ਪੈਂਦਾ ਹੈ।