ਹੁਣ 2025 ’ਚ ਪੁਲਾੜ ਯਾਤਰੀਆਂ ਨੂੰ ਫਿਰ ਚੰਨ ’ਤੇ ਭੇਜੇਗਾ NASA, ਸਪੇਸਐਕਸ ਨਾਲ ਮੁਕੱਦਮੇਬਾਜ਼ੀ ਕਾਰਨ ਮਿਸ਼ਨ ਟਲ਼ਿਆ

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਦੇਸ਼ ਦੇ ਪੁਲਾੜ ਯਾਤਰੀਆਂ ਨੂੰ ਇਕ ਵਾਰ ਫਿਰ ਚੰਨ ’ਤੇ ਭੇਜਣ ਸਬੰਧੀ ਮਿਸ਼ਨ ਦੀ ਸਮਾਂ ਹੱਦ ਇਕ ਸਾਲ ਲਈ ਹੋਰ ਵਧਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਮਿਸ਼ਨ ਨੂੰ ਸਾਲ 2024 ’ਚ ਲਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

ਫਲੋਰੀਡਾ ਦੇ ਸਾਬਕਾ ਸੈਨੇਟਰ ਤੇ ਸਾਲ ਦੇ ਸ਼ੁਰੂ ’ਚ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਿਯੁਕਤ ਕੀਤੇ ਗਏ ਨਾਸਾ ਦੇ ਪ੍ਰਸ਼ਾਸਕ ਬਿੱਲ ਨੈਲਸਨ ਨੇ ਕਿਹਾ ਕਿ ਸਾਲ 2025 ’ਚ ਵੀ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਪ੍ਰਾਜੈਕਟ ’ਚ ਦੇਰੀ ਲਈ ਮੂਨ ਲੈਂਡਰ ਲਈ ਸਪੇਸਐਕਸ ਨਾਲ ਚੱਲੀ ਮੁਕੱਦਮੇਬਾਜ਼ੀ ਤੇ ਨਾਸਾ ਦੇ ਕੈਪਸੂਲ ਓਰੀਅਨ ਦੇ ਨਿਰਮਾਣ ’ਚ ਦੇਰੀ ਨੂੰ ਜ਼ਿੰਮੇਵਾਰ ਦੱਸਿਆ। ਨੈਲਸਨ ਨੇ ਕਿਹਾ ਕਿ ਅਸੀਂ ਮੁਕੱਦਮੇਬਾਜ਼ੀ ’ਚ ਕਰੀਬ ਸੱਤ ਮਹੀਨੇ ਖ਼ਰਾਬ ਕਰ ਚੁੱਕੇ ਹਾਂ। ਇਸ ਕਾਰਨ ਮੁਹਿੰਮ ਨੂੰ ਸਾਲ 2025 ਤੋਂ ਪਹਿਲਾਂ ਲਾਂਚ ਨਹੀਂ ਕੀਤਾ ਜਾ ਸਕਦਾ। ਸਾਨੂੰ ਸਪੇਸਐਕਸ ਨਾਲ ਵਿਸਥਾਰਤ ਗੱਲ ਕਰਨੀ ਪਵੇਗੀ, ਤਾਂ ਜੋਂ ਅਸੀਂ ਸਪਸ਼ਟ ਸਮਾਂ ਹੱਦ ਤੈਅ ਕਰ ਸਕੀਏ।ਦਸੰਬਰ 2022 ’ਚ ਪਿਛਲੇ ਪੁਲਾੜ ਯਾਤਰੀ ਵੱਲੋਂ ਚੰਨ ’ਤੇ ਕਦਮ ਰੱਖੇ ਜਾਣ ਦੇ 50 ਸਾਲ ਪੂਰੇ ਹੋ ਜਾਣਗੇ। ਸਾਲ 1972 ’ਚ ਅਪੋਲੋ 17 ਮਿਸ਼ਨ ਦੀ ਵਾਪਸੀ ਤੋਂ ਬਾਅਦ ਨਾਸਾ ਨੇ ਦੂਜੇ ਟੀਚਿਆਂ ’ਤੇ ਧਿਆਨ ਕੇਂਦਰਤ ਕਰ ਲਿਆ ਸੀ। ਪਰ ਵਿਚ-ਵਿਚ ਮੂਨ ਮਿਸ਼ਨ ’ਤੇ ਚਰਚਾ ਹੁੰਦੀ ਰਹੀ। ਟਰੰਪ ਸ਼ਾਸਨ ਦੌਰਾਨ ਵੀ ਮੂਨ ਮਿਸ਼ਨ ਚਰਚਾਵਾਂ ’ਚ ਰਿਹਾ। ਪਿਛਲੇ ਕਰੀਬ 50 ਸਾਲਾਂ ’ਚ ਸਾਲ 2019 ’ਚ ਪਹਿਲੀ ਵਾਰ ਤੱਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਚੰਨ ’ਤੇ ਭੇਜੇ ਜਾਣ ਦੀ ਯੋਜਨਾ ਤੋਂ ਪਰਦਾ ਚੁੱਕਦੇ ਹੋਏ ਇਸ ਲਈ ਸਾਲ 2024 ਦੀ ਸਮਾਂ ਹੱਦ ਤੈਅ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਨਵਾਂ ਮਿਸ਼ਨ ਨਾਸਾ ਦੇ ਕਈ ਲੋਕਾਂ ਸਮੇਤ ਪੁਲਾੜ ਸਨਅਤ ਨੂੰ ਹੈਰਾਨ ਕਰ ਦੇਣ ਵਾਲਾ, ਪਰ ਬਹੁਤ ਜ਼ਰੂਰੀ ਹੈ। ਮਿਸ਼ਨ ’ਚ ਅਮਰੀਕਾ ਦੀ ਪਹਿਲੀ ਮਹਿਲਾ ਤੇ ਅਗਲੇ ਮਰਦ ਪੁਲਾੜ ਯਾਤਰੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਜ਼ਰੀਏ ਅਮਰੀਕਾ ਇਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਉਹ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਾਂਗ ਅੱਜ ਵੀ ਪੁਲਾੜ ਦੀ ਦੌੜ ’ਚ ਹੈ। ਇਸ ਦਾ ਸੰਦਰਭ ਚੀਨ ਨਾਲ ਸੀ, ਜਿਸ ਨੇਸ ਾਲ 2030 ’ਚ ਚੰਨ ’ਤੇ ਮਨੁੱਖੀ ਮਿਸ਼ਨ ਭੇਜਣ ਦਾ ਐਲਾਨ ਕੀਤਾ ਹੈ।