September 19, 2024

PUNJAB

INDIA NEWS

ਵੋਟਰ ਜਾਗਰੂਕਤਾ ਲਈ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਦੀਆਂ ਸੇਵਾਵਾਂ ਲਵੇਗਾ ਮੁੱਖ ਚੋਣ ਅਫਸਰ ਦਾ ਦਫਤਰ

ਚੰਡੀਗੜ੍ਹ,-ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਫਤਰ ਵੱਲੋਂ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ‘ਸਟੇਟ ਆਈਕੋਨ’ ਬਣਾਇਆ ਗਿਆ ਹੈ। ਇਸ ਬਾਬਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਾਸੀ ਸ਼ੁਭਮਨ ਗਿੱਲ ਕ੍ਰਿਕਟ ਪ੍ਰੇਮੀਆਂ ਖਾਸਕਰ ਨੌਜਵਾਨਾਂ ਵਿਚ ਕਾਫੀ ਮਕਬੂਲ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ 70 ਫੀਸਦੀ ਤੋਂ ਜ਼ਿਆਦਾ ਵੋਟਾਂ ਪਵਾਉਣ ਦਾ ਟੀਚਾ ਪ੍ਰਾਪਤ ਕਰਨ ਵਿਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਰਾਹੀਂ ਵੋਟਰ ਜਾਗਰੂਕਤਾ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ “ਇਸ ਵਾਰ 70 ਪਾਰ” ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਹਰਮਨਪਿਆਰੇ ਪੰਜਾਬੀ ਗਾਇਕ ਤਰਸੇਮ ਜੱਸੜ ਨੂੰ ਵੀ ‘ਸਟੇਟ ਆਈਕੋਨ’ ਨਿਯੁਕਤ ਕੀਤਾ ਜਾ ਚੁੱਕਾ ਹੈ। ਸਿਬਿਨ ਸੀ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ ਵਿਚ ਉਨ੍ਹਾਂ ਨੂੰ ਅਜਿਹੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਸੀ, ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਘੱਟ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਵਿਚ ਜਾਗਰੂਕ ਮੁਹਿੰਮਾਂ ਅਤੇ ਸ਼ੁਭਮਨ ਗਿੱਲ ਤੇ ਤਰਸੇਮ ਜੱਸੜ ਰਾਹੀਂ ਅਪੀਲ ਕਰਵਾ ਕੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਉਮੀਦ ਜਤਾਈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਮੁੰਡੇ-ਕੁੜੀਆਂ ਸ਼ੁਭਮਨ ਗਿੱਲ ਤੇ ਤਰਸੇਮ ਜੱਸੜ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਆਪਣੀ ਵੋਟ ਦੀ ਵਰਤੋਂ ਕਰਨਗੇ ਉੱਥੇ ਹੀ ਬਾਕੀ ਉਮਰ ਵਰਗ ਦੇ ਲੋਕਾਂ ਨੂੰ ਵੀ ਉਨ੍ਹਾਂ ਨੇ ਵੱਧ ਚੜ੍ਹ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ।