10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਪੰਜਾਬ ਹੋਮ ਗਾਰਡ ਦਾ ਜਵਾਨ ਵਿਜੀਲੈਂਸ ਵੱਲੋਂ ਕਾਬੂ

ਹੋਮਗਾਰਡ ਬਾਕੀ ਰਹਿੰਦੇ 20,000 ਰੁਪਏ ਹੋਰ ਮੰਗ ਰਿਹਾ ਸੀ

ਚੰਡੀਗੜ੍ਹ,-ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁਲਿਸ ਚੌਕੀ ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦੇ ਵਲੰਟੀਅਰ ਹਰਜਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਭਾਈ ਬਾਲਾ ਕਲੋਨੀ, ਪੱਖੋਵਾਲ ਰੋਡ, ਲੁਧਿਆਣਾ ਦੀ ਰਹਿਣ ਵਾਲੀ ਮਨਦੀਪ ਕੌਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪੁਲਿਸ ਚੌਕੀ ਲਲਤੋਂ ਕਲਾਂ, ਲੁਧਿਆਣਾ ਵਿਖੇ ਤਾਇਨਾਤ ਪੀ.ਐਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਅਤੇ ਏ.ਐਸ.ਆਈ. ਰਵਿੰਦਰ ਕੁਮਾਰ ਉਸਦੇ ਭਰਾਵਾਂ ਵਿਰੁੱਧ ਦਰਜ ਪੁਲਿਸ ਕੇਸ ਵਿੱਚ ਉਸਦੀ ਮੱਦਦ ਕਰਨ ਬਦਲੇ ਉਸ ਤੋਂ 30,000 ਰੁਪਏ ਰਿਸ਼ਵਤ ਮੰਗ ਰਹੇ ਹਨ।ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਉਕਤ ਏ.ਐਸ.ਆਈ. ਦੀ ਤਰਫੋਂ ਮੁਲਜ਼ਮ ਪੀ.ਐਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਉਸ ਤੋਂ ਪਹਿਲਾਂ ਹੀ 10,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਤੇ ਹੁਣ ਬਾਕੀ ਰਹਿੰਦੇ 20,000 ਰੁਪਏ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਉਕਤ ਪੀ.ਐਚ.ਜੀ. ਵਲੰਟੀਅਰ ਵੱਲੋਂ ਕੀਤੀ ਗਈ ਮੰਗ ਦੀ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਸੌਂਪ ਦਿੱਤੀ। ਸ਼ਿਕਾਇਤ ਮਿਲਣ ਉਪਰੰਤ ਵਿਜੀਲੈਂਸ ਰੇਂਜ ਲੁਧਿਆਣਾ ਨੇ ਸ਼ਿਕਾਇਤ ਦੀ ਪੜਤਾਲ ਕੀਤੀ ਅਤੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਹੀ ਪਾਇਆ। ਇਸ ਰਿਪੋਰਟ ਦੇ ਆਧਾਰ ‘ਤੇ ਮੁਲਜ਼ਮ ਪੀ.ਐਚ.ਜੀ. ਵਲੰਟੀਅਰ ਹਰਜਿੰਦਰ ਸਿੰਘ ਦੇ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ ਨੰਬਰ 05 ਮਿਤੀ 31.01.2024 ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੱਸਣਯੋਗ ਹੈ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਉਪਰੋਕਤ ਏ.ਐਸ.ਆਈ ਰਵਿੰਦਰ ਕੁਮਾਰ ਅਤੇ ਹੋਰ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।