September 19, 2024

PUNJAB

INDIA NEWS

ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

ਖੇਡ ਮੰਤਰੀ ਮੀਤ ਹੇਅਰ ਨੇ ਕੌਮੀ ਚੈਂਪੀਅਨ ਅਥਲੀਟਾਂ ਨੂੰ ਦਿੱਤੀ ਮੁਬਾਰਕਬਾਦ

ਚੰਡੀਗੜ੍ਹ,-ਡੀਗੜ੍ਹ ਵਿਖੇ ਚੱਲ ਰਹੀ 11ਵੀਂ ਨੈਸ਼ਨਲ ਓਪਨ ਪੈਦਲ ਤੋਰ ਚੈਂਪੀਅਨਸ਼ਿਪ ਦੇ ਅੱਜ 20 ਕਿਲੋਮੀਟਰ ਪੈਦਲ ਤੋਰ ਦੇ ਹੋਏ ਮੁਕਾਬਲੇ ਦੇ ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਨੇ ਕ੍ਰਮਵਾਰ ਪੁਰਸ਼ਾਂ ਤੇ ਮਹਿਲਾ ਦੋਵਾਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਮ ਰੌਸ਼ਨ ਕੀਤਾ। ਪੁਰਸ਼ ਵਰਗ ਵਿੱਚ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚੋਂ ਤਿੰਨ ਪੰਜਾਬ ਦੇ ਅਥਲੀਟਾਂ ਅਤੇ ਮਹਿਲਾ ਵਰਗ ਵਿੱਚ ਪਹਿਲੀਆਂ ਚਾਰ ਪੁਜੀਸ਼ਨਾਂ ਵਿੱਚੋਂ ਦੋ ਪੰਜਾਬ ਦੀਆਂ ਅਥਲੀਟਾਂ ਨੇ ਹਾਸਲ ਕੀਤੀਆਂ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵੇਂ ਜੇਤੂ ਅਥਲੀਟਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪ੍ਰਦਰਸ਼ਨ ਨਾਲ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲੇ ਦੇ ਪਿੰਡ ਕਾਹਨੇਕੇ ਦਾ ਅਕਸ਼ਦੀਪ ਸਿੰਘ ਜਿੱਥੇ ਕੌਮੀ ਰਿਕਾਰਡ ਹੋਲਡਰ ਹੈ ਉਥੇ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋ ਚੁੱਕਾ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲੇ ਦੇ ਪਿੰਡ ਖੈਹਿਰਾ ਖੁਰਦ ਦੀ ਮੰਜੂ ਰਾਣੀ ਨੇ ਕੌਮੀ ਰਿਕਾਰਡ ਬਣਾਉਣ ਤੋਂ ਇਲਾਵਾ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡ ਨਕਸ਼ੇ ਉਤੇ ਚਮਕਾਉਣ ਲਈ ਨਿਰੰਤਰ ਯਤਨਸ਼ੀਲ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਮੰਜੂ ਰਾਣੀ ਨੂੰ 50 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਸੀ ਜਦੋਂ ਕਿ ਅਕਸ਼ਦੀਪ ਸਿੰਘ ਨੂੰ ਓਲੰਪਿਕਸ ਕੁਆਲੀਫਾਈ ਕਰਨ ਸਮੇਂ 5 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਸੀ। ਅੱਜ ਸੁਖਨਾ ਝੀਲ ਉਤੇ ਚੱਲ ਰਹੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ ਅਕਸ਼ਦੀਪ ਸਿੰਘ ਨੇ 1.19.38 ਦਾ ਸਮਾਂ ਕੱਢ ਕੇ ਸੋਨ ਤਮਗ਼ਾ ਜਿੱਤਿਆ। ਪੰਜਾਬ ਦਾ ਹੀ ਅਰਸ਼ਪ੍ਰੀਤ ਸਿੰਘ ਚੌਥੇ ਅਤੇ ਸਾਹਿਲ ਪੰਜਵੇਂ ਸਥਾਨ ਉਤੇ ਆਇਆ। ਮਹਿਲਾ ਵਰਗ ਵਿੱਚ ਮੰਜੂ ਰਾਣੀ ਨੇ 1.33.00 ਦਾ ਸਮਾਂ ਕੱਢ ਕੇ ਸੋਨ ਤਮਗ਼ਾ ਜਿੱਤਿਆ ਜਦੋਂ ਕਿ ਪੰਜਾਬ ਦੀ ਇਕ ਹੋਰ ਅਥਲੀਟ ਰਮਨਦੀਪ ਕੌਰ ਚੌਥੇ ਸਥਾਨ ਉਤੇ ਰਹੀ।