ਚੰਡੀਗੜ੍ਹ : ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਬਗ਼ਾਵਤ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਬਠਿੰਡਾ ਤੋਂ ‘ਆਪ’ ਐੱਮਐੱਲਏ ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਜੁਆਇਨ ਕਰ ਲਈ ਜਿਸ ਦਾ ਚੰਨੀ ਤੇ ਸਿੱਧੂ ਨੇ ਸਵਾਗਤ ਕੀਤਾ। ਚੰਨੀ ਨੇ ਰੂਬੀ ਨੂੰ ਵਧਾਈ ਦਿੱਤੀ ਤੇ ਸਿੱਧੂ ਨੇ ਕਿਹਾ ਕੀ ਪਰਾਟੀ ਉਨ੍ਹਾਂ ਨੂੰ ਪੂਰਾ ਮਾਣ ਬਖਸ਼ੇਗੀ। ਇਸ ਦੌਰਾਨ ਰੂਬੀ ਨੇ ਕਿਹਾ ਕਿ ਉਹ ਕਾਂਗਰਸ ‘ਚ ਆ ਕੇ ਖੁਸ਼ ਹਨ ਕਿਉਂਕਿ ‘ਆਪ’ ਦੀ ਕਥਨੀ ਤੇ ਕਰਨੀ ਵਿਚ ਅੰਤਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚ ਜੋ ਅੱਜ ਤਕ ਨਹੀਂ ਕਰ ਸਕੀ ਉਹ ਚੰਨੀ ਸਰਕਾਰ ਨੇ 50 ਦਿਨਾਂ ਵਿਚ ਕਰ ਦਿਖਾਇਆ।
ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ‘ਆਪ’ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਟਵੀਟ ਕਰ ਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਐੱਮਪੀ ਭਗਵੰਤ ਮਾਨ ਨੂੰ ਟੈਗ ਕਰ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰੂਬੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਨਾ ਕੀਤੇ ਜਾਣ ਤੋਂ ਨਾਰਾਜ਼ ਚੱਲ ਰਹੀ ਸੀ। ਅਰਵਿੰਦ ਕੇਜਰੀਵਾਲ ਦੇ ਮਾਨਸਾ ਅਤੇ ਬਠਿੰਡਾ ਦੌਰੇ ਦੌਰਾਨ ਵੀ ਰੂਬੀ ਉਨ੍ਹਾਂ ਦੇ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਈ ਸੀ।
‘ਜਾਗਰਣ ਸਮੂਹ’ ਨਾਲ ਫੋਨ ’ਤੇ ਗੱਲ ਕਰਦੇ ਹੋਏ ਰੂਬੀ ਨੇ ਕਿਹਾ ਕਿ ਪਾਰਟੀ ਭਗਵੰਤ ਮਾਨ ਦੀ ਅਣਦੇਖੀ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੁਝ ਹੋਰ ਵਿਧਾਇਕ ਵੀ ਅਸਤੀਫ਼ਾ ਦੇਣ ਲਈ ਤਿਆਰ ਹਨ। ‘ਆਪ’ ਲੀਡਰਸ਼ਿਪ ਨਾ ਤਾਂ ਵਿਧਾਇਕਾਂ ਦੀ ਸੁਣ ਰਹੀ ਹੈ ਅਤੇ ਨਾ ਹੀ ਐੱਮਪੀ ਦੀ।