ਕੈਲਗਰੀ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਜੈਨਸਿਸ ਸੈਂਟਰ ਵਿੱਚ ਹੋਈ।ਜਿਸਦੀ ਪ੍ਰਧਾਨਗੀ ਸਭਾ ਦੀ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਰਜਿੰਦਰ ਚੌਹਕਾ ਨੇ ਕੀਤੀ।ਸਭ ਤੋ ਪਹਿਲਾਂ ਵਿਛੜੀਆ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਮੌਨ ਰੱਖ ਕੇ ਅਰਦਾਸ ਕੀਤੀ ਗਈ| ਕੈਲਗਰੀ ਸਿਟੀ ਤੋਂ ਸਭਾ ਦੇ ਵਿਸ਼ੇਸ਼ ਸੱਦੇ ਤੇ ਸੰਸਾਰ ਭਰ ਵਿੱਚ ਬਦਲਦੇ ਜਲਵਾਯੂ ਦੀਆਂ ਚੁਨੌਤੀਆਂ ਦੀ ਸੰਜੀਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਿਰ ‘ਮਿਸਟਰ ਕੋਡੀ’ ਵਿਸ਼ੇਸ਼ ਤੌਰ ਤੇ ਪਹੁੰਚੇ| ਉਨ੍ਹਾਂ ਦੀ ਅੰਗਰੇਜ਼ੀ ਵਿੱਚ ਗੱਲਬਾਤ ਨੂੰ ਉਨ੍ਹਾਂ ਨਾਲ ਆਏ ਗੁਰਪ੍ਰੀਤ ਕੌਰ ਨੇ ਪੰਜਾਬੀ ਵਿੱਚ ਉੱਲਥਾ ਕਰਕੇ ਹਾਜ਼ਰ ਮੈਂਬਰਾਂ ਤੱਕ ਜਾਣਕਾਰੀ ਦਿੱਤੀ।ਮਿਸਟਰ ਕੋਡੀ ਨੇ ਵਾਤਾਵਰਣ ਵਿੱਚ ਆਉਣ ਵਾਲੇ ਬਦਲਾਵਾਂ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ।ਬਦਲਦੇ ਵਾਤਾਵਰਣ ਦੇ ਪ੍ਰਬੰਧਨ ਵਿੱਚ ਆਮ ਵਿਅਕਤੀਆਂ ਦੁਆਰਾ ਪਾਏ ਜਾਣ ਵਾਲੇ ਯੋਗਦਾਨ ਸਬੰਧੀ ਅਹਿਮ ਨੁੱਕਤੇ, ਜਿਵੇਂ ਘਰਾਂ ਵਿੱਚ ਘੱਟ ਬਿਜਲੀ ਖਪਤ ਕਰਨ ਵਾਲੇ ਬਿਜਲੀ ਦੇ ਉਪਕਰਣਾਂ ਦੀ ਵਰਤੋਂ ਕਰਨਾ,ਕਾਰ ਪੂਲੰਿਗ ਕਰਨਾ,ਥੋੜ੍ਹੀ ਦੇਰ ਲਈ ਘਰ ਦੀਆਂ ਬੰਦ ਖਿੜਕੀਆਂ ਖੋਲ੍ਹ ਕੇ ਘਰ ਵਿੱਚ ਤਾਜ਼ੀ ਹਵਾ ਦਾ ਪ੍ਰਵਾਹ ਕਰਨਾ ਆਦਿ ਅਤੇ ਕਲੀਨ ਐਨਰਜੀ ਸਬੰਧੀ ਸਿਟੀ ਵਲੋਂ ਵਿਸ਼ੇਸ਼ ਚੀਜ਼ਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਦੱਸਿਆ। ਮੈਂਬਰਾਂ ਵਲੋਂ ਖ਼ੁਦ ਸੁਆਲ ਪੁੱਛ ਕੇ ਲਾਹੇਵੰਦ ਜਾਣਕਾਰੀ ਹਾਸਲ ਕੀਤੀ ਗਈ।ਗੁਰਚਰਨ ਥਿੰਦ ਨੇ 26 ਨਵੰਬਰ ਨੂੰ ਟੈਂਪਲ ਕਮਿਊਨਿਟੀ ਹਾਲ ਵਿੱਚ ਹੋਣ ਵਾਲੇ ਸਭਾ ਦੇ ਸਾਲਾਨਾ ਸਮਾਗਮ ‘ਲੋਕ ਕੀ ਕਹਿਣਗੇ’ ਦੀ ਤਿਆਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ। ਰਾਜਵੰਤ ਕੌਰ ਮਾਨ ਦਾ ਨਵਾਂ ਕਾਵਿ-ਸੰਗ੍ਰਿਹ ‘ਅਮਨ ਦੀ ਹੂਕ’ ਬਾਰੇ ਗੱਲਬਾਤ ਕਰਦਿਆ ਦੱਸਿਆ ਕਿ ਜੋ ਵੀ ਕਾਪੀਆ ਪਾਠਕ ਖਰੀਦਣ ਗਏ| ਉਨਾਂ ਸਾਰੇ ਡਾਲਰਾਂ (ਰੁਪਏ) ਨਾਲ ਪੰਜਾਬ ਵਿੱਚ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਵਾਲੀ ਸੰਸਥਾ ਨੂੰ ਦਿੱਤੇ ਜਾਣਗੇ| ਰਜਿੰਦਰ ਚੋਹਕਾ ਨੇ ਕਲਾਈਮੇਟ ਚੇਂਜ ਦੀ ਗੱਲ ਕਰਦੇ ਕਿਹਾ ਕਿ ਸਿਹਤਮੰਦ ਜਲਵਾਯੂ ਦੇ ਨਾਲ ਸੰਸਾਰ ਭਰ ਵਿੱਚ ਅਮਨ ਦੀ ਵੀ ਬਹੁਤ ਲੋੜ ਹੈ। ਉਨ੍ਹਾਂ ਯੂਕਰੇਨ ਤੇ ਰੂਸ ਦਰਮਿਆਨ ਹੋ ਰਹੀ ਜੰਗ ਤੋਂ ਬਾਦ ਹੁਣ ਇਜ਼ਰਾਈਲ ਅਤੇ ਫਲਸਤੀਨ ਵਿੱਚ ਛਿੜੀ ਜੰਗ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੀਆਂ ਜੰਗਾਂ ਆਉਣ ਵਾਲੀਆਂ ਨਸਲਾਂ ਦਾ ਘਾਤ ਕਰ ਰਹੀਆਂ ਹਨ। ਜੁਗਿੰਦਰ ਪੁਰਬਾ ਨੇ ਆਪਣੀ ਹੱਢਬੀਤੀ ਸਾਂਝੀ ਕੀਤੀ।ਗੁਰਦੀਸ਼ ਗਰੇਵਾਲ ਨੇ ਪੰਜਾਬੀ ਵਿਰਸੇ ਦੀ ਗੱਲ ਕੀਤੀ ਅਤੇ ‘ਬਜ਼ੁਰਗਾਂ ਦਾ ਰੁਤਬਾ’ ਆਪਣੀ ਕਵਿਤਾ ਸੁਣਾਈ। ਚਰਨਜੀਤ ਬਾਜਵਾ ਨੇ ਸੁਰੀਲੀ ਅਵਾਜ਼ ਵਿੱਚ ‘ਹਲ਼ ਛੱਡ ਕੇ ਦੁਪਹਿਰੇ ਘਰ ਲੱਸੀ ਪੀਣ ਆਇਆ’ ਲੋਕ-ਗੀਤ ਗਾਇਆ।ਜਤਿੰਦਰ,ਹਰਬੰਸ ਤੇ ਸਾਥਣ ਨੇ ਬਹੁਤ ਹੀ ਮਿੱਠੀ ਰਲਵੀਂ ਅਵਾਜ਼ ਵਿੱਚ ‘ਦੁੱਧ ਰਿੜਕੇ ਵੇ, ਭਾਬੋ ਝਿੜਕੇ ਵੇ, ਚੇਤੇ ਆ ਗਏ ਵੇ ਧਰਮੀ ਮਾਪੇ ਵੇ’ ਗਾ ਕੇ ਰੰਗ ਬੰਨ੍ਹ ਦਿੱਤਾ। ਹਰਜੀਤ ਜੌਹਲ ਨੇ ਆਪਣੀ ਬੁਲੰਦ ਅਵਾਜ਼ ਵਿੱਚ ‘ਨੀ ਅਜ਼ਾਦੀਏ ਰਕਾਨੇ,ਗਏ ਘੁੰਡ ਦੇ ਜ਼ਮਾਨੇ, ਘੁੰਡ ਚੁੱਕ ਜ਼ਰਾ ਨਹੀਂ ਸ਼ਰਮਾਈਦਾ, ਐਨਾ ਜ਼ਾਲਮਾਂ ਨੂੰ ਦੱਸ ਸੰਗਲ ਕਿਵੇਂ ਪਾਈਦਾ| ਸੁਰਜੀਤ ਢਿਲੋਂ ਨੇ ਲੋਕ ਗੀਤ, ਸੁਰਿੰਦਰ ਕੌਰ ਨੇ ‘ਸਾਰੀ ਠੱਗ ਦੁਨੀਆਂ, ਦਾਅ ਲਗੇ ਵੇਚ ਦਵੇ ਰੱਬ ਦੁਨੀਆਂ’ ਅਤੇ ਸਰਬਜੀਤ ਉੱਪਲ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਨੀ ਜਿੰਦੇ ਮੈਂ ਕੱਲ੍ਹ ਤੱਕ ਨਹੀਂ ਰਹਿਣਾ’ ਗਾ ਕੇ ਪੇਸ਼ ਕੀਤਾ।
