ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਨਵੀ ਦਿੱਲੀ-ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦੱਖਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਦਾ ਸੋਮਵਾਰ ਨੂੰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਧੀਆਂ ਛੱਡ ਗਏ ਸਨ। ਉਹ ਗੋਆ ਦੇ ਲੈਫ ਗਵਰਨਰ ਰਹੇ ਕਰਨਲ ਪ੍ਰਤਾਪ ਸਿੰਘ ਗਿੱਲ ਦੇ ਸਪੁੱਤਰ ਸਨ। ਉਹਨਾਂ ਦਾ ਪਿੰਡ ਪੰਜਾਬ ਦੇ ਇਤਿਹਾਸਕ ਸ਼ਹਿਰ ਤਰਨ ਤਾਰਨ ਦੇ ਨੇੜੇ ਅਲਾਦੀਨਪੁਰ ਸੀ ਤੇ ਨਾਨਕਾ ਪਿੰਡ ਚੋਹਲਾ ਸਾਹਿਬ ਦੇ ਨੇੜੇ ਰੂੜੀਵਾਲਾ ਸੀ।ਸ ਮਨੋਹਰ ਸਿੰਘ ਗਿੱਲ ਨੇ ਇਕ ਆਈ ਏ ਐਸ ਅਧਿਕਾਰੀ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।ਉਸਨੇ ਦਸੰਬਰ 1996 ਤੋਂ ਜੂਨ 2001 ਦਰਮਿਆਨ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਸੇਵਾ ਨਿਭਾਈ। ਸ ਗਿੱਲ ਅਤੇ ਜੀਵੀਜੀ ਕ੍ਰਿਸ਼ਨਾਮੂਰਤੀ ਨੂੰ ਚੋਣ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ ਜਦੋਂ ਟੀਐਨ ਸ਼ੈਸ਼ਨ ਚੋਣ ਪੈਨਲ ਦੀ ਅਗਵਾਈ ਕਰ ਰਹੇ ਸਨ। ਸ ਗਿੱਲ ਕਾਂਗਰਸ ਮੈਂਬਰ ਵਜੋਂ ਰਾਜ ਸਭਾ ਵਿੱਚ ਦਾਖ਼ਲ ਹੋਏ ਅਤੇ 2008 ਵਿੱਚ ਕੇਂਦਰੀ ਖੇਡ ਮੰਤਰੀ ਵੀ ਬਣੇ।