ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਗੁਰਚਰਨ ਕੌਰ ਥਿੰਦ ਦੀਆਂ ਦੋ ਕਿਤਾਬਾਂ,‘ਸੂਲ਼ਾਂ’ ਕਹਾਣੀ-ਸੰਗ੍ਰਿਹ ਅਤੇ ‘ਸਮਾਜ ਤੇ ਸਭਿਆਚਾਰ ਦੀ ਗਾਥਾ’ ਲੇਖ-ਸੰਗ੍ਰਿਹ ਲੋਕ ਅਰਪਣ ਕੀਤੀਆਂ ਗਈਆਂ| ਇਸ ਸਮੇਂ ਲੇਖਕ ਜਗਜੀਤ ਸੰਧੂ ਦੇ ਕਾਵਿ-ਸੰਗ੍ਰਿਹ ‘ਤਾਪਸੀ’ ਉਪਰ ਚਰਚਾ ਕੀਤੀ ਗਈ। ਇਸ ਸਾਹਿਤਕ ਸਮਾਗਮ ਨੂੰ ਕੈਲਗਰੀ ਲੇਖਕ ਸਭਾ ਅਤੇ ਪੰਜਾਬੀ ਲਿਖਾਰੀ ਸਭਾ ਵਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਜਸਵੀਰ ਸਿੰਘ ਸਿਹੋਤਾ,ਕਵੀ ਜਗਜੀਤ ਸੰਧੂ ਅਤੇ ਰਿਟਾਇਰਡ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਵਲੋਂ ਕੀਤੀ ਗਈ। ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਨ ਸਮੇਂ ਸਭਾ ਦੀ ਸਕੱਤਰ ਗੁਰਚਰਨ ਥਿੰਦ ਵੱਲੋਂ ਵਿਛੜੀਆ ਰੂਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਨੂੰ ਮੌਣ ਰੱਖ ਕੇ ਸ਼ਰਧਾਂਜਲੀ ਭੇਂਟ ਕਰਵਾਈ ਗਈ| ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ‘ਸੂਲ਼ਾਂ’ ਕਹਾਣੀ-ਸੰਗ੍ਰਿਹ ਉਪਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਦਸ ਕਿਤਾਬਾਂ ਦੀ ਲੇਖਿਕਾ ਗੁਰਚਰਨ ਕੌਰ ਥਿੰਦ ਦੀ, 184 ਪੰਨਿਆਂ ਦੀ ਕਹਾਣੀਆਂ ਦੀ ਇਹ ਕਿਤਾਬ ‘ਸੂਲ਼ਾਂ’ ਆਪਣੇ ਸਿਰਲੇਖਕ ਅਰਥਾਂ ਵਾਲਾ ਸਾਹਿਤਕ ਧਰਮ ਹੀ ਨਹੀਂ ਨਿਭਾਉਂਦੀ ਸਗੋਂ ਬ੍ਰਿਤਾਂਤ ਸਿਰਜਣਾ ਦੇ ਅਮਲ ਵਜੋਂ ਸ਼ਬਦ-ਅਨੁਭਵ ਅਤੇ ਸ਼ਬਦ-ਚੇਤਨਾ ਦੀ ਸੰਵੇਦਨਸ਼ੀਲਤਾ ਦਾ ਵੀ ਅਹਿਸਾਸ ਕਰਵਾਉਂਦੀ ਹੈ।ਲੇਖਿਕਾ ਦੀ ਲੇਖਣੀ ਦੀ ਮੂਲ ਖਾਸੀਅਤ ਭਾਵ ਰਚਨਾਤਮਿਕ ਬਿਬੇਕ ਇਹ ਹੈ ਕਿ ਇਹ ਸਿੱਧੇ ਅਸਿੱਧੇ ਰੂਪ ਵਿੱਚ ਨਾਰੀ-ਚੇਤਨਾ ਨੂੰ ਹੀ ਆਪਣਾ ਵਿਸ਼ੇਸ਼ ਕੇਂਦਰ-ਬਿੰਦੂ ਬਣਾਉਂਦੀ ਹੈ।ਦੂਸਰੀ ਕਿਤਾਬ ‘ਸਮਾਜ ਤੇ ਸਭਿਆਚਾਰ ਦੀ ਗਾਥਾ’ ਉਪਰ ਹਰੀਪਾਲ ਨੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸਟੇਰਿੰਗ ਵੀ ਹੁੰਦਾ ਹੈ। ਉਨ੍ਹਾਂ ਨੇ ਸਾਹਿਤਕ ਪਿਛੋਕੜ ਦੇ ਕਵੀਆਂ,ਕਿੱਸਾਕਾਰਾਂ,ਲੇਖਕਾਂ ਅਤੇ ਮੌਜੂਦਾ ਲੇਖਕਾਂ ਦਾ ਹਵਾਲਾ ਦਿੰਦੇ ਹੋਏ ਇਸ ਲੇਖ-ਸੰਗ੍ਰਿਹ ਦੇ ਲੇਖਾਂ ਦੇ ਭਿੰਨ-ਭਿੰਨ ਵਿਸ਼ਿਆਂ ਬਾਰੇ ਚਾਨਣਾ ਪਾਇਆ।ਬਲਵਿੰਦਰ ਬਰਾੜ ਨੇ ਲੇਖਿਕਾ ਨਾਲ ਆਪਣੇ ਨਿੱਜੀ ਸਬੰਧਾਂ,ਉਸਦੀ ਲੇਖਣੀ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਦੇ ਹਵਾਲੇ ਨਾਲ ਕਿਹਾ ਕਿ ਥਿੰਦ ਦੀ ਲੇਖਣੀ ਵਿਦਰੋਹ ਦੀ ਲੇਖਣੀ ਹੈ।ਇਹ ਸਮਾਜ ਨੂੰ ਸੁਧਾਰਨ ਦਾ ਨਾਹਰਾ ਬੁਲੰਦ ਕਰਦੀ ਹੈ ਜਦੋਂ ਕਿ ਲੇਖਕ ਸਮਾਜ ਨੂੰ ਸੁਧਾਰਨ ਦਾ ਦਾਅਵਾ ਨਹੀਂ ਕਰ ਸਕਦਾ ਹੈ।ਉਪਰੰਤ ਕਿਤਾਬਾਂ ਲੋਕ ਅਰਪਣ ਕਰਨ ਦੀ ਰਸਮ ਭਰਵੀਆਂ ਤਾੜੀਆਂ ਨਾਲ ਨਿਭਾਈ ਗਈ।ਕਵੀ ਜਗਜੀਤ ਸੰਧੂ ਦਾ ਇਹ ਨਾਰੀਮੁਖੀ ਕਾਵਿ-ਸੰਗ੍ਰਿਹ ਉਨ੍ਹਾਂ ਦੇ ਆਪਣੇ ਲਿਖੇ ਸ਼ਬਦਾਂ ਅਨੁਸਾਰ “ਇਹ ਪਹਿਲੀ ਪੁਸਤਕ ਹੈ ਜੋ ਮੈਂ ਮਿੱਥ ਕੇ ਇਕ ਵਿਸ਼ਾ-ਵੰਨਗੀ ਨੂੰ ਸਾਹਮਣੇ ਰੱਖ ਕੇ ਲਿਖੀ ਹੈ।ਸਰਬਜੀਤ ਜਵੰਦਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵਾਦ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ,ਕਿਉਂਕਿ ਵਾਦ,ਵਿਵਾਦ ਪੈਦਾ ਕਰਦੇ ਹਨ। ਬਲਜਿੰਦਰ ਸੰਘਾ ਨੇ ਰੈਡੀਕਲ ਨਾਰੀਵਾਦ ਸਾਹਮਣੇ ਮਰਦਾਂ ਦੀ ਧੌਂਸ ਨੂੰ ਰੈਡੀਕਲ ਮਰਦ ਧੌਂਸ ਆਖ ਸਮਾਜ ਦੀ ਮਰਦਾਵੀਂ ਕੰਧ ਬਿਆਨਿਆ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨੇ ਕਿਹਾ ਕਿ ਔਰਤ ਸੰਵੇਦਨਸ਼ੀਲ ਹੈ,ਉਹ ਕਹਿ ਸਕਦੀ ਹੈ ਪਰ ਸੁਣਨ ਲਈ ਕੰਨ ਚਾਹੀਦੇ ਹਨ ਜੋ ਕਿ ਨਾਦਾਰਦ ਹਨ। ਉਨ੍ਹਾਂ ‘ਬੁਰਕੇ ਨੇ ਤੇ ਬੁਰਕਾ ਬਣਨਾ,ਸੱਚ ਲੁਕਾਈ ਜਾਂਦਾ ਏ’ ਕਵਿਤਾ ਗਾ ਕੇ ਸੁਣਾਈ। ਜਸਵੀਰ ਸਿਹੋਤਾ ਨੇ ਕਿਹਾ ਕਿ ਕਵਿਤਾਵਾਂ ਦੇ ਸ਼ਬਦ ਅਤੇ ਅੰਕਿਤ ਚਿੱਤਰ ਸੰਕੇਤਕ ਹਨ ਜੋ ਵਿਸ਼ੇਸ਼ ਵਿਸ਼ੇ ਅਤੇ ਮੁੱਦੇ ਛੋਂਹਦੇ ਹਨ।ਦਵਿੰਦਰ ਸਿੱਧੂ ਨੇ ਕਵਿਤਾਵਾਂ ਦੀਆਂ ਵੱਖ ਵੱਖ ਵੰਨਗੀਆਂ ਦੀ ਗੱਲ ਕੀਤੀ ਅਤੇ ਕਿਹਾ ਕਿ ਕਵੀ ਸੰਧੂ ਦੀ ਅਵਾਜ਼ ਸਾਨੂੰ ਆਪਣੀ ਅਵਾਜ਼ ਲਗਦੀ ਹੈ।ਕਵੀ ਜਗਜੀਤ ਸੰਧੂ ਨੂੰ ਪੰਜਾਬੀ ਲਿਖਾਰੀ ਸਭਾ ਵਲੋਂ ਲੋਈ ਅਤੇ ਸਨਮਾਨ ਪੱਤਰ ਅਤੇ ਕੈਲਗਰੀ ਲੇਖਕ ਸਭਾ ਵਲੋਂ ਸਨਮਾਨ ਪੱਤਰ ਭੇਟ ਕਰਕੇ ਸਨਮਾਨਤ ਕੀਤਾ ਗਿਆ।ਤ੍ਰਿਲੋਚਨ ਸੈਂਭੀ ਨੇ ‘ਰੱਜ ਰੱਜ ਮਾਣਾਂ ਅੱਜ ਵਸਲਾਂ ਦਾ, ਕੱਲ੍ਹ ਦੇ ਵਾਇਦੇ ਕੀ ਕਰਨੇ’ ਕਵਿਤਾ ਤਰੰਨਮ ਨਾਲ ਗਾ ਕੇ ਭਰਵੀਆਂ ਤਾੜੀਆਂ ਦੀ ਦਾਦ੍ਹ ਲਈ।ਗੁਰਦੀਸ਼ ਗਰੇਵਾਲ,ਜਗਦੀਸ਼ ਚੋਹਕਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ| ਇਸ ਸਮੇਂ ਮੰਗਲ ਚੱਠਾ,ਜੋਰਾਵਰ ਸਿੰਘ ਬਾਂਸਲ,ਸੁਰਜੀਤ ਢਿਲੋਂ,ਸਰਬਜੀਤ ਉੱਪਲ,ਸੁਖਵਿੰਦਰ ਸਿੰਘ ਤੂਰ,ਰਾਜਦੀਪ ਸਿੰਘ,ਜਰਨੈਲ ਸਿੰਘ ਤੱਗੜ,ਗੁਰਦਿਲਰਾਜ ਦਾਨੇਵਾਲੀਆ,ਗੁਰਦੇਵ ਸਿੰਘ ਬਾਬਾ,ਨਵਦੀਪ ਸਿੰਘ,ਬਿੱਕਰ ਸਿੰਘ ਸੰਧੂ,ਸੁਰਿੰਦਰ ਢਿਲੋਂ,ਜੋਗਾ ਸਿੰਘ ਸਿਹੋਤਾ,ਅਵਨੀਤ ਕੌਰ,ਗੁਰਦੇਵ ਸਿੰਘ ਸਿੱਧੂ,ਰੇਸ਼ਮ ਸਿੰਘ,ਡਿੰਪਲ ਆਨੰਦ,ਜੀਰ ਸਿੰਘ ਬਰਾੜ,ਸਿਮਰ ਕੌਰ ਚੀਮਾ,ਰਾਜਿੰਦਰ ਕੌਰ ਚੋਹਕਾ,ਗੁਰਨਾਮ ਕੌਰ,ਅਮਨਪ੍ਰੀਤ ਕੌਰ,ਗਿਆਨ ਸਿੰਘ ਚੱਠਾ ਵੀ ਹਾਜ਼ਰ ਸਨ|
Related Posts
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਚਾਰ ਕਿਤਾਬਾਂ ਸੁੱਖੀ ਬਾਠ, ਸ ਪ ਸਿੰਘ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਣ
ਲੁਧਿਆਣਾ-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਭਵਨ ਸਰੀ…
ਹੰਗਾਮੇ ਤੋਂ ਬਾਅਦ ਰਾਜ ਸਭਾ ਕੱਲ੍ਹ ਤਕ ਲਈ ਮੁਲਤਵੀ, ਲੋਕ ਸਭਾ ‘ਚ ਰਿਹਾ ਰੌਲਾ
ਨਵੀਂ ਦਿੱਲੀ : ਲਖੀਮਪੁਰ ਖੀਰੀ ਕਾਂਡ ਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ…
ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਦਾ ਆਯੋਜਤ
ਮਾਨਸਾ 01 ਨਵੰਬਰ ਗੁਰਜੰਟ ਸਿੰਘ ਬਾਜੇਵਾਲੀਆ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਸਬੰਧੀ ਪਿੰਡ ਖੱਤਰੀ…