September 19, 2024

PUNJAB

INDIA NEWS

ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਅਹਿਮ ਰਿਸ਼ਤਿਆ ਤੇ ਵਿਚਾਰ ਚਰਚਾ

ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਹਾਜ਼ਰੀਨ ਨੂੰ ਜੀ ਅਇਆਂ ਕਿਹਾ ਅਤੇ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ,ਲੇਖਕ ਸੁਰਿੰਦਰ ਸਿੰਘ ਨੇਕੀ ਤੇ ਕਵਿੱਤਰੀ ਦਵਿੰਦਰ ਕੌਰ ਸਿੱਧੂ ਹੁਰਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।ਸਤੰਬਰ ਮਹੀਨੇ ਵਿੱਚ ਆ ਰਹੇ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਸਾਂਝੀ ਕਰਦਿਆ ਸਭਾ ਦੀ ਕਾਰਵਾਈ ਸੁਰੂ ਕੀਤੀ ਗਈ| ਨਛੱਤਰ ਸਿੰਘ ਪੁਰਬਾ ਨੇ ਸਮੇਂ ਨਾਲ ਪੈਦਾ ਹੋਣ ਵਾਲੇ ਪੀੜ੍ਹੀ-ਪਾੜ੍ਹੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੀੜ੍ਹੀ-ਪਾੜ੍ਹੇ ਨੂੰ ਅਗਲੀ ਸੰਤਾਨ ਨਾਲ ਗੱਲਬਾਤ ਜਾਰੀ ਰੱਖ ਕੇ ਅਤੇ ਕੁੱਝ ਖਾਸ ਤਿਉਹਾਰਾਂ ਤੇ ਮੌਕਿਆਂ ਪ੍ਰਤੀ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਆਪਣੇ ਨਾਲ ਜੋੜਿਆ ਜਾਣਾ ਚਾਹੀਦਾ ਹੈ।ਬਲਵਿੰਦਰ ਬਰਾੜ ਨੇ ਇਸ ਚਰਚਾ ਨੂੰ ਵਿਸਥਾਰ ਦਿੰਦਿਆਂ ਬੱਚਿਆਂ ਦਾ ਫੋਨ ਵਾਲੀ ਟੈਕਨੌਲੌਜੀ ਨਾਲ ਰੁੱਝੇ ਰਹਿਣ ਅਤੇ ਇੱਕ ਦੂਜੇ ਨਾਲ ਗੱਲਬਾਤ ਦੇ ਸਿਮਟ ਕੇ ਰਹਿ ਜਾਣ ਵਾਲੇ ਵਰਤਾਰੇ ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਇੱਕ ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਬਾਰੇ ਦੱਸਿਆ ਅਤੇ ਇੱਕ ਆਪ ਪੜ੍ਹੇ ਹੋਏ ਤੱਥ ਦਾ ਵਰਨਣ ਕੀਤਾ ਕਿ ਜਦੋਂ ਮੱਥਾ ਟੇਕਿਆ ਜਾਂਦਾ ਹੈ ਤਾਂ ਜਿਸ ਵਿੱਚ ਵੱਧ ਗੁਣ ਹੁੰਦੇ ਹਨ, ਉਨ੍ਹਾਂ ਦਾ ਸੰਚਾਰ ਘੱਟ ਗੁਣਾਂ ਵਾਲੇ ਪਾਸੇ ਹੁੰਦਾ ਹੈ। ਗੁਰੂ ਅੱਗੇ ਮੱਥੇ ਟੇਕੀਏ ਜਾਂ ਕੋਈ ਬੱਚਾ ਆਪਣੀ ਮਾਂ ਨੂੰ ਮੱਥਾ ਟੇਕੇ ਜਾਂ ਕੋਈ ਕਿਸੇ ਆਪਣੇ ਸਤਿਕਾਰਤ ਵਿਅਕਤੀ ਨੂੰ ਤਾਂ ਇਹ ਵਰਤਾਰਾ ਆਪ-ਮੁਹਾਰੇ ਵਾਪਰਦਾ ਹੈ।ਡਾ: ਜੋਗਾ ਸਿੰਘ ਨੇ ਆਪਣੇ ਮਿਊਜ਼ੀਕਲ ਇੰਸਟਰੂਮੈਂਟ ਨਾਲ ਪਹਿਲਾਂ ਗ਼ਜ਼ਲ, ‘ਕੁਛ ਨਾ ਕੁਛ ਤੋ ਜ਼ਰੂਰ ਹੋਨਾ ਹੈ, ਸਾਮਨਾ ਆਜ ਉਨ ਸੇ ਹੋਨਾ ਹੈ’ ਅਤੇ ਫਿਰ ਉਨ੍ਹਾਂ ਹੀ ਸੁਰਾਂ ਨਾਲ ਫਿਲਮੀ ਗੀਤ, ‘ਮੁਝੇ ਤੇਰੀ ਮੁਹੱਬਤ ਕਾ ਸਹਾਰਾ ਮਿਲ ਗਯਾ ਹੋਤਾ’ ਗਾ ਕੇ ਕਲਾਸਕੀਲ ਸੰਗੀਤ ਦੀਆਂ ਖ਼ੂਬੀਆਂ ਦਰਸਾਈਆਂ।ਸ੍ਰ: ਗੁਰਦੇਵ ਸਿੰਘ ਸਿੱਧੂ ਨੇ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਜੀਰ ਸਿੰਘ ਨੇ ‘ਲੇਬਰ ਡੇ’ ਬਾਰੇ ਗੱਲ ਕਰਦਿਆਂ ਬਿਜਲੀ ਵਿਭਾਗ ਵਿੱਚ ਜੇ.ਈ. ਵਜੋਂ ਕੰਮ ਕਰਨ ਸਮੇਂ ਯੂਨੀਅਨਾਂ ਵਿੱਚ ਕੀਤੇ ਆਪਣੇ ਸੰਘਰਸ਼ ਬਾਰੇ ਦੱਸਿਆ। ਜਸਵੰਤ ਸਿੰਘ ਸੇਖੋਂ ਨੇ ਅੱਜ ਆਪਣੀ ਰਚਨਾ ਨਾ ਸੁਣਾ ਕੇ ਸੌ ਕੁ ਵਰ੍ਹੇ ਪਹਿਲਾਂ ਮਾਘੀ ਸਿੰਘ ਗਿੱਲ ਹੁਰਾਂ ਦੀ ਲਿਖੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨ ਜੱਟ ਦੀ ਗਾਥਾ ਦੀ ਕਵਿਤਾ ਸੁਣਾਈ ਜੋ ਅੱਜ ਦੀ ਖੇਤੀ ਦੀ ਸਥਿਤੀ ਨੂੰ ਵੀ ਹੂ-ਬਹੂ ਬਿਆਨ ਕਰਦੀ ਸੀ।ਸੁਰਜੀਤ ਸਿੰਘ ਭੱਟੀ ਨੇ ਆਪਣੇ ਵਿਸ਼ੇਸ਼ ਭਾਸ਼ਨ ਰਾਹੀਂ ਮਾਂ-ਬੋਲੀ ਪੰਜਾਬੀ ਦੇ ਇਤਿਹਾਸ ਅਤੇ ਵਿਕਾਸ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਪੈਂਤੀ ਅੱਖਰ,ਦਸ ਲਗਾਂ-ਮਾਤਰਾਂ ਅਤੇ ਛੇ ‘ਪੈਰ ਬਿੰਦੀ’ ਵਾਲੇ ਅੱਖਰਾਂ ਵਾਲੀ ਗੁਰਮੱੁਖੀ ਲਿੱਪੀ ਵਾਲੀ ਪੰਜਾਬੀ ਭਾਸ਼ਾ, ਦੁਨੀਆਂ ਭਰ ਦੀਆਂ ਭਾਸ਼ਾਂਵਾਂ ਵਿਚੋਂ ਵਿਲੱਖਣ ਹੈ। ਇਸ ਭਾਸ਼ਾ ਨੇ ਸੂਫ਼ੀ-ਕਾਲ ਤੇ ਗੁਰੂ-ਕਾਲ ਦੀ ਲੇਖਣੀ ਅਤੇ ਸਮੇਂ ਦੇ ਨਾਲ ਨਾਲ ਵੱਖ-ਵੱਖ ਲੇਖਕਾਂ ਤੇ ਕਵੀਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਲੇਖਕਾਂ ਦੇ ਪ੍ਰਵਾਸੀ ਸਾਹਿਤ, ਦੇ ਯੋਗਦਾਨ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਅਮੀਰ ਬਣਾਇਆ ਹੈ। ਦਵਿੰਦਰ ਕੌਰ ਸਿੱਧੂ ਹੁਰਾਂ ਸਾਹਿਤ ਦੀ ਜਪਾਨੀ ਵਿਧਾ ਵਿੱਚ ਲਿਖੇ ਆਪਣੇ ਹਾਇਕੂ ਸੁਣਾਏ ਅਤੇ ਅਲਬਰਟਾ ਸੂਬੇ ਦੇ ਕੁਦਰਤੀ ਨਜ਼ਾਰਿਆਂ ਨੂੰ ਪੰਜਾਬ ਨਾਲ ਤਸ਼ਬੀਹ ਦੇਂਦੀ ਆਪਣੀ ਕਵਿਤਾ ‘ਮਾਣ ਪੰਜਾਬੀ ਦਾ’ ਸਾਂਝੀ ਕੀਤੀ। ਗੁਰਚਰਨ ਸਿੰਘ ਹੇਰਰ ਨੇ ‘ਜਦੋਂ ਤੇਰਿਆਂ ਭਰੋਸਿਆਂ ਦੀ ਲੋੜ ਸੀ,ਅਸੀਂ ਵੇਖਦੇ ਬੇਆਸ ਤੇ ਬੇਰੰਗ ਹੋ ਗਏ’ ਗਾ ਕੇ ਪੇਸ਼ ਕੀਤੀ।ਲੇਖਕ ਸੁਰਿੰਦਰ ਸਿੰਘ ਨੇਕੀ ਨੇ ਕਿਹਾ ਕਿ, ‘ਜਿਨਾ ਚਿਰ ਤੱਕ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਵੇ ਕਲਮਕਾਰ ਨੂੰ ਕਲਮ ਨਹੀਂ ਉਠਾਉਣੀ ਚਾਹੀਦੀ ਹੈ।’ ਉਨ੍ਹਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇੱਥੇ ਵੀ ਪੰਜਾਬ ਵਾਂਗ ਸਾਹਿਤ-ਪ੍ਰੇਮੀ ਸਾਹਿਤਕ ਸਭਾਵਾਂ ਵਿੱਚ ਮਿਲ ਬੈਠਦੇ ਹਨ ਜੋ ਕਿ ਮਾਂ-ਬੋਲੀ ਪੰਜਾਬੀ ਲਈ ਸ਼ੁਭ ਸ਼ਗਨ ਹੈ।ਗੁਰਦਿਲਰਾਜ ਸਿੰਘ ਨੇ ਦੋ ਵਾਕਾਂ ਵਿੱਚ ਸਾਡੇ ਸਮਾਜਿਕ ਵਰਤਾਰੇ ਤੇ ਵਿਅੰਗ ਕਰਦਿਆਂ ਕਿਹਾ ਕਿ,ਜੇਕਰ ਮਾਪਿਆਂ ਨੂੰ ਧੀ ਨੇ ਬੁਲਾਇਆ ਹੋਵੇ ਤਾਂ ਕਿਹਾ ਜਾਂਦਾ ਸਾਨੂੰ ਸਾਡੀ ਧੀ ਨੇ ਸੱਦਿਆ। ਕੋਈ ਵੀ ਜਵਾਈ ਦਾ ਨਾਂ ਨਹੀਂ ਲੈਂਦਾ।” ਉਨ੍ਹਾਂ ਦੀ ਕਹੀ ਗੱਲ ਤੇ ਨਾਲ ਹੀ ਟਿੱਪਣੀ ਵੀ ਆ ਗਈ ਕਿ, ‘ਜੇ ਬੇਟੇ ਨੇ ਬੁਲਾਇਆ ਹੋਵੇ ਤਾਂ ਕੋਈ ਨੂੰਹ ਦਾ ਨਾਂ ਵੀ ਨਹੀਂ ਲੈਂਦਾ।’ ਸੋ ਜ਼ਾਹਿਰ ਹੈ ਕਿ ਇਸ ਸਮਾਜਿਕ ਵਰਤਾਰੇ ਤੇ ਗੌਰ ਕੀਤਾ ਜਾਵੇ ਅਤੇ ਰਿਸ਼ਤਿਆਂ ਦੀ ਮਿਠਾਸ ਬਣਾਈ ਰੱਖਣ ਲਈ ਲੋੜੀਂਦਾ ਬਦਲਾਅ ਲਿਆਉਣ ਦੀ ਲੋੜ ਨੂੰ ਸਮਝਿਆ ਜਾਵੇ।ਗੁਰਦੇਵ ਸਿੰਘ ਹੁਰਾਂ ਸਭਾ ਦੀ ਹੁਣ ਤੱਕ ਦੀ ਕਾਰਵਾਈ ਤੇ ਆਪਣੀ ਉਸਾਰੂ ਟਿੱਪਣੀ ਦਿੱਤੀ। ਨੌਜਵਾਨ ਕਵੀ ਪ੍ਰੀਤ ਸਾਗਰ ਸਿੰਘ ਨੇ ‘ਇਸ਼ਕ ਸ਼ਹਾਦਤ ਮੰਗਦਾ ਸੀ ਏਨੀ ਤਾਂ ਗੱਲ ਨਹੀਂ ਸੀ, ਹੋ ਗਿਆ ਸਾਬਤ ਵਿੱਚ ਕਚਿਹਰੀ ਉਹ ਗੋਬਿੰਦ ਦੇ ਲਾਲ ਸਨ’ ਸੁਣਾਈ। ਅਮਨਪ੍ਰੀਤ ਸਿੰਘ ਨੇ ਬੱਸ ਡ੍ਰਾਈਵਿੰਗ ਦੌਰਾਨ ਹੋਏ ਆਪਣੇ ਤਜਰਬਿਆਂ ਨੂੰ ਕਵਿਤਾ ਵਿੱਚ ਸਮੋ ਇੱਥੇ ਪੜ੍ਹਨ ਆਏ ਵਿਦਿਆਰਥੀਆਂ ਦੀ ਮਾਰਮਿਕ ਸਥਿਤੀ ਨੂੰ ਬਿਆਨ ਕੀਤਾ।ਪਰਮਜੀਤ ਸਿੰਘ ਭੰਗੂ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਕਾਵਿ-ਟੋਟੇ ਬੁਲੰਦ ਅਵਾਜ਼ ਵਿੱਚ ਸੁਣਾਏ।ਬਿੱਕਰ ਸਿੰਘ ਸੰਧੂ ਨੇ ਸੁਆਲ ਕੀਤਾ ਕਿ ਮਾਂ-ਬੋਲੀ ਦੀ ਬਜਾਏ ਇਸ ਨੂੰ ਪਿਓ-ਬੋਲੀ ਕਿਉਂ ਨਹੀਂ ਕਿਹਾ ਜਾਂਦਾ? ਫਿਰ ਇਸ ਦਾ ਜਅੁਾਬ ਦਿੱਤਾ ਕਿ ਬੱਚਾ ਨੌਂ ਮਹੀਨੇ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ ਅਤੇ ਉਦੋਂ ਹੀ ਉਹ ਮਾਂ ਰਾਹੀਂ ਆਪਣੀ ਮਾਂ ਦੀ ਬੋਲੀ ਨਾਲ ਜੁੜ ਜਾਂਦਾ ਹੈ।ਅੰਤ ਵਿੱਚ ਜਸਵੀਰ ਸਿੰਘ ਸਿਹੋਤਾ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|