ਚੰਡੀਗੜ੍ਹ,-ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ ਮਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲੇ ਵਿੱਚ ਜਾ ਰਹੀ ਹੈ ਜੋ ਅੱਜ ਹੁਸ਼ਿਆਰਪੁਰ ਪੁੱਜੀ ਹੈ। ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਖੇਡਾਂ ਦੀ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਬਠਿੰਡਾ ਵਿਖੇ ਪੁੱਜੇਗੀ ਜਿਸ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਸਟੇਡੀਅਮ ਦਾ ਚੱਕਰ ਲਗਾ ਕੇ ਜਲਾਇਆ ਜਾਵੇਗਾ। ਮਾਰਚ ਪਾਸਟ ਵਿੱਚ ਸਾਰੇ ਜ਼ਿਲਿਆਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਗੱਤਕਾ, ਗਿੱਧਾ, ਭੰਗੜਾ, ਜਿਮਨਾਸਟਕ ਤੇ ਪੀ.ਟੀ.ਸ਼ੋਅ ਹੋਵੇਗਾ। ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੇਡਾਂ ਦਾ ਰਸਮੀ ਐਲਾਨ ਕਰਨਗੇ ਜਿਸ ਤੋਂ ਬਾਅਦ ਇਹ ਖੇਡਾਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਵੱਖ-ਵੱਖ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਦੇ ਮੁਕਾਬਲੇ ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਜਾਣਗੇ। ਖੇਡ ਮੰਤਰੀ ਨੇ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਕਾਰਵਾਈਆਂ ਨੂੰ ਖੇਡਾਂ ਦੀ ਭਾਵਨਾ ਅਨੁਸਾਰ ਨੇਪਰੇ ਚਾੜ੍ਹਨ ਲਈ ਕਿਹਾ। ਉਨਾਂ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨਾਂ ਦਾ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਭੁਪਿੰਦਰ ਸਿੰਘ, ਖੇਡ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੀਡਿਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਹਾਜ਼ਰ ਹੋਏ।
Related Posts
AAP ਕਨਵੀਨਰ ਨੇ ਮਹਿਲਾਵਾਂ ਤੋਂ ਜਲੰਧਰ ‘ਚ ਭਰਵਾਏ ਗਰੰਟੀ ਕਾਰਡ
ਕਰਤਾਰਪੁਰ :ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਿਆਸੀ ਅੰਦੋਲਨ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਨੂੰ ਆਪਣੀ…
ਪੰਡਿਤ ਪੁਨੀਤ ਗੋਗੀ ਨੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾ ਕੇ ਮਨਾਇਆ ਜਨਮਦਿਨ
ਪੰਡਿਤ ਪੁਨੀਤ ਗੋਗੀ ਨੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾ ਕੇ ਮਨਾਇਆ ਜਨਮਦਿਨ ਬੁਢਲਾਡਾ ਦਵਿੰਦਰ ਸਿੰਘ ਕੋਹਲੀ ਸ਼੍ਰੀ ਸੁਭਾਸ਼ ਡਰਾਮਾਟਿਕ…
ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਮੁੱਖ ਮੰਤਰੀ ਚੰਨੀ ਦਾ ਐਲਾਨ
ਚੰਡੀਗੜ੍ਹ: ਕੇਂਦਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਐਲਾਨ ਮਗਰੋਂ ਸਿਆਸਤ ਵੀ ਤੇਜ਼ ਹੋ ਗਈ ਹੈ। ਸਭ ਤੋਂ ਪਹਿਲਾਂ ਬੀਜੇਪੀ ਨੇ ਇਸ…