ਕੈਲਗਰੀ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋ ਜੋ ਪਿੱਛਲੇ ਮਹੀਨੇ ਸੌਣ ਮਹੀਨਾ ਦਾ ਆਗਾਜ਼ ਕੀਤਾ ਗਿਆ ਸੀ ਉਸ ਦੀ ਸਮਾਪਤੀ ਪ੍ਰੇਰੀਵਿੰਡ ਪਾਰਕ ਵਿੱਚ ਇੱਕਠੀਆ ਹੋ ਕੇ ਭੈਣਾਂ,ਧੀਆਂ ਅਤੇ ਮਾਤਾਵਾਂ ਵੱਲੋ ਕੀਤੀ ਗਈ| ਰੰਗ-ਬਰੰਗੇ ਸੋਹਣੇ ਕੱਪੜਿਆਂ,ਗਹਿਣਿਆਂ ਵਿੱਚ ਸੱਜੀਆਂ ਨੇ ਖੂਬ ਰੌਣਕ ਲਾਈ| ‘ਸਾਉਣ ਵੀਰ ’ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ’ ਲੋਕ ਬੋਲੀ ਨਾਲ ਗੁਰਚਰਨ ਥਿੰਦ ਨੇ ਗੱਲੀਂ ਰੁੱਝੀਆਂ ਬੀਬੀਆਂ ਦਾ ਧਿਆਨ ਆਪਣੀ ਵੱਲ ਖਿੱਚ ਮੀਟਿੰਗ ਆਰੰਭ ਕੀਤੀ। ਉਨ੍ਹਾਂ ਕੁੱਝ ਬੀਤੇ ਤੇ ਕੁੱਝ ਆਉਣ ਵਾਲੇ ਸਭਾ ਦੇ ਰੁਝੇਵਿਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ| ਉਪਰੰਤ ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਸਭ ਭੈਣਾਂ ਨੂੰ ਜੀ ਆਇਆ ਕਿਹਾ ਅਤੇ ਸਭ ਨੂੰ ਅਗਲੇਰੀ ਕਾਰਵਾਈ ਧਿਆਨ ਨਾਲ ਸੁਣਨ ਦੀ ਤਾਕੀਦ ਕੀਤੀ। ਉਨ੍ਹਾਂ ਪਹਿਲੀ ਵਾਰ ਮੀਟਿੰਗ ਵਿੱਚ ਆਈਆਂ ਭੈਣਾਂ ਸੁਰਿੰਦਰ ਚਾਹਲ,ਮਨਜੀਤ ਕੌਰ ਸੰਘਾ, ਲਖਵਿੰਦਰ ਸਚਦੇਵਾ,ਰੂਬੀ ਗਿੱਲ,ਗੁਰਬਖਸ਼ ਕੌਰ ਸਿਹੋਤਾ ਹੁਰਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਜੁਗਿੰਦਰ ਪੁਰਬਾ ਨੇ ਬੋਲੀਆਂ ਪਾ ਕੇ ਖੁਸ਼ਨੁਮਾ ਮਾਹੌਲ ਦਾ ਅਗਾਜ਼ ਕੀਤਾ।ਰਜਿੰਦਰ ਕੌਰ ਚੋਹਕਾ ਨੇ ਇਸ ਮਹੀਨੇ ਵਿੱਚ ਆਉਣ ਵਾਲੇ ਭੈਣ-ਭਰਾ ਦੇ ਪਿਆਰ ਦੇ ਤਿਉਹਾਰ ਰੱਖੜੀ ਅਤੇ ਔਰਤਾਂ ਦੇ ਮਨਭਾਉਂਦੇ ਤਿਉਹਾਰ ਤੀਆਂ ਬਾਰੇ ਸੰਖੇਪ ਗੱਲ ਕੀਤੀ। ਉਪਰੰਤ 15 ਅਗਸਤ 1947 ਨੂੰ ਮਿਲੀ ਅਜ਼ਾਦੀ, ਅਜ਼ਾਦੀ ਪਰਵਾਨਿਆਂ ਵਲੋਂ ਕੀਤੀਆਂ ਕੁਰਬਾਨੀਆਂ ਅਤੇ ਦੇਸ਼ ਦੀ ਵੰਡ ਸਮੇਂ ਵਾਪਰੇ ਦੁਖਾਂਤ ਦਾ ਜ਼ਿਕਰ ਕਰਦੇ ਕਿਹਾ ਕਿ ਅਜਿਹੇ ਬਟਵਾਰੇ ਤੇ ਜੰਗ ਯੁੱਧ ਔਰਤਾਂ ਦੀ ਦੇਹੀ ਤੇ ਲੜੀਆਂ ਜਾਂਦੀਆਂ ਹਨ।ਮਨਜੀਤ ਚਾਹਲ ਨੇ ਆਪਣੇ ਜਲੰਧਰ ਤੋਂ ਇੰਗਲੈਂਡ ਅਤੇ ਫਿਰ ਕਨੇਡਾ ਪਹੁੰਚਣ ਦੀ ਗੱਲ ਕਰਦੇ ਕਿਹਾ ਕਿ ਉਹ ਵੀ 1982 ਵਿੱਚ ਸਿੱਖ ਵੁਮੇਨ ਕਲਚਰਲ ਐਸੋਸੀਏਸ਼ਨ ਚਲਾਉਂਦੇ ਰਹੇ ਹਨ ਅਤੇ ਉਨ੍ਹਾਂ ਇਸ ਦੇ ਕੰਮ-ਕਾਜ ਬਾਰੇ ਸਾਂਝ ਪਾਈ। ਸੁਰਿੰਦਰ ਸੰਧੂ ਨੇ ‘ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਬੀਰਤਾ ਵੀਰ ਪੰਜਾਬ ਦੀ ਸੀ” ਵਾਰ ਆਪਣੀ ਬੁਲੰਦ ਅਵਾਜ਼ ਵਿੱਚ ਗਾ ਕੇ ਸਭ ਨੂੰ ਵਾਹ ਵਾਹ ਕਰਨ ਲਾ ਦਿੱਤਾ। ਜਸਵਿੰਦਰ ਕੌਰ ਨੇ ਵੀਰ-ਪਿਆਰ ਦਾ ਗੀਤ ਗਾਇਆ। ਸਰਬਜੀਤ ਉੱਪਲ ਨੇ ‘ਕੁੰਡਾ ਖੜਕ ਰਿਹਾ ਨੀ ਦਿਲ ਧੜਕ ਰਿਹਾ’ ਲੋਕ ਗੀਤ ਗਾਇਆ। ਹਰਬੰਸ ਰਤਨ ਨੇ ਵੀਰ ਤੇ ਭੈਣ ਦਾ ਪਿਆਰ ਦਰਸਾਉਂਦੀ ਕਵਿਤਾ ਸਾਂਝੀ ਕੀਤੀ। ਗੁਰਜੀਤ ਬੈਦਵਾਨ,ਗੁਰਿੰਦਰ ਸਿੱਧੂ,ਗੁਰਤੇਜ ਸਿੱਧੂ, ਮੁਖਤਿਆਰ ਧਾਲੀਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|
