ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ

ਚੰਡੀਗੜ੍ਹ,-ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੇਰਕਾ ਫਰੂਟ ਦਹੀਂ, ਫਰੈਸ਼ ਕਰੀਮ ਦੀ ਇਕ ਲੀਟਰ ਪੈਕਿੰਗ ਅਤੇ ਐਕਸਟੈਂਡਡ ਸ਼ੈਲਫ ਲਾਈਫ ਯੂ.ਐਚ.ਟੀ. ਦੁੱਧ ਲਾਂਚ ਕੀਤਾ। ਇੱਥੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮੁੱਖ ਸਮਰੱਥਾ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੀ ਪੈਦਾਵਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਮਿਆਰੀ ਉਤਪਾਦਾਂ ਨੂੰ ਯਕੀਨੀ ਬਣਾਉਣ ਲਈ ਮਿਲਕਫੈੱਡ ਵੱਲੋਂ ਅਤਿ ਆਧੁਨਿਕ ਮਿਲਕ ਪਲਾਂਟ ਅਤੇ ਦੁੱਧ ਦੀ ਜਾਂਚ ਕਰਨ ਵਾਲੇ ਉਪਕਰਨਾਂ ਦੀ ਸਥਾਪਨਾ ’ਤੇ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਦੁੱਧ ਦੀ ਬੂੰਦ- ਬੂੰਦ ਦੀ ਗੁਣਵੱਤਾ ਦੀ ਪੂਰਨ ਪਰਖ਼ ਕਰਕੇ ਹੀ ਖ਼ਰਾ ਦੁੱਧ ਆਵਾਮ ਤੱਕ ਪਹੁੰਚਾਇਆ ਜਾਵੇ । ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਭਰਪੂਰ ਖੁਰਾਕੀ ਵਸਤਾਂ ਮੁਹੱਈਆ ਕਰਨ ਲਈ ਵੇਰਕਾ ਡੇਅਰੀ ਮੋਹਾਲੀ ਵਿਖੇ ਜੇ.ਆਈ.ਸੀ.ਏ. ਤਹਿਤ 325 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲਾ 5 ਐਲਐਲਪੀਡੀ ਸਮਰੱਥਾ ਦਾ ਨਵਾਂ ਦੁੱਧ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ਵਿੱਚ 50 ਐਮਟੀਪੀਡੀ ਦਹੀਂ, 4 ਐਮਟੀਪੀਡੀ ਘਿਓ ਅਤੇ 50 ਐਮਟੀਪੀਡੀ ਮੱਖਣ ਤਿਆਰ ਕੀਤਾ ਜਾਵੇਗਾ। ਵੇਰਕਾ ਦੇ ਵਿਸਥਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਵਿੱਚ ਅੱਜ ਨਵੇਂ ਉਤਪਾਦ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ 100 ਗ੍ਰਾਮ ਪੈਕਿੰਗ ਵਾਲਾ ਫਰੂਟ ਦਹੀਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਤਿੰਨ ਅਸਲੀ ਫਲ ਕਿਸਮਾਂ: ਅੰਬ, ਸਟਰਾਅਬੇਰੀ ਅਤੇ ਬਲੂਬੇਰੀ, 100 ਗ੍ਰਾਮ ਕੱਪ ਵਿੱਚ, 120 ਦਿਨਾਂ ਦੀ ਸ਼ੈਲਫ ਲਾਈਫ ਵਾਲਾ ਇਕ ਲਿਟਰ ਫਰੈਸ਼ ਕਰੀਮ ਪੈਕ ਅਤੇ 90 ਦਿਨਾਂ ਦੀ ਐਕਸਟੈਂਡਡ ਸ਼ੈਲਫ ਲਾਈਫ ਯੂਐਚਟੀ ਦੁੱਧ ਸ਼ਾਮਲ ਹੈ। ਮੁੱਖ ਮੰਤਰੀ ਨੇ ਵਿੱਤੀ ਸਾਲ 2022-23 ਦੌਰਾਨ ਮਿਲਕਫੈੱਡ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਿਲਕਫੈੱਡ ਡੇਅਰੀ ਕਿਸਾਨਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਵਧੀਆ ਗੁਣਵੱਤਾ ਵਾਲਾ ਦੁੱਧ ਉਤਪਾਦਕਾਂ ਤੋਂ ਖਪਤਕਾਰਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਮਿਲਕਫੈੱਡ ਪੰਜਾਬ ਨੂੰ ਇਸ ਦੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦੁੱਧ ਵੇਰਕਾ ਨੂੰ ਮੁਹੱਈਆ ਕਰ ਕੇ ਜਿੱਥੇ ਆਪਣੇ ਆਮਦਨ ਵਿੱਚ ਵਾਧਾ ਕਰਨ, ਉਥੇ ਇਸ ਸਹਿਕਾਰੀ ਅਦਾਰੇ ਦੇ ਵਿਸਥਾਰ ਵਿੱਚ ਵੀ ਯੋਗਦਾਨ ਪਾਉਣ। ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਪੰਜਾਬ ਸਰਕਾਰ ਤੋਂ 100 ਕਰੋੜ ਦੀ ਵਿੱਤੀ ਸਹਾਇਤਾ ਦੇ ਬਜਟ ਨੂੰ ਸਮੇਂ ਸਿਰ ਵੰਡਣ ਦਾ ਭਰੋਸਾ ਦਿੱਤਾ ਤਾਂ ਜੋ ਦੁੱਧ ਦੀ ਖਰੀਦ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਵਪਾਰ ਨੂੰ ਹੋਰ ਰਾਜਾਂ ਦੇ ਬਰਾਬਰ ਬਣਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਮਿਲਕਫੈੱਡ ਵੱਲੋਂ ਨਵੇਂ ਬੀ.ਆਈ.ਐੱਸ. ਐੱਸ.ਐੱਨ.ਐੱਫ. ਫਾਰਮੂਲੇ ਨੂੰ ਲਾਗੂ ਕਰਨ ਦੀ ਸ਼ਲਾਘਾ ਕੀਤੀ, ਜਿਸ ਨਾਲ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਭਾਰਤ ਦੇ ਵੱਡੇ ਡੇਅਰੀ ਉਦਯੋਗਾਂ ਨਾਲ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਮਿਲਕਫੈੱਡ ਵੱਲੋਂ ਸਮੇਂ-ਸਮੇਂ ’ਤੇ ਦੁੱਧ ਦੇ ਨਵੇਂ ਉਤਪਾਦ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਭਾਰਤ ਭਰ ਵਿੱਚ ਵਿਸਤਾਰ ਦੀ ਪ੍ਰਕਿਰਿਆ ਵਿੱਚ ਹੈ ਅਤੇ ਦਿੱਲੀ ਅਤੇ ਐਨਸੀਆਰ ਦੇ ਬਾਜ਼ਾਰਾਂ ਵਿੱਚ ਤਾਜ਼ਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਿਲਕਫੈੱਡ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਵੱਖ-ਵੱਖ ਸਟੇਸ਼ਨਾਂ ’ਤੇ 30 ਵੇਰਕਾ ਮਿਲਕ ਬੂਥ ਅਤੇ ਦਿੱਲੀ ਦੀਆਂ ਪ੍ਰਮੁੱਖ ਥਾਵਾਂ ’ਤੇ 100 ਮਿਲਕ ਬੂਥ ਖੋਲ੍ਹ ਕੇ ਦਿੱਲੀ ਅਤੇ ਐਨਸੀਆਰ ਮਾਰਕੀਟ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਲਕਫੈੱਡ ਵੱਲੋਂ ਅਹਿਮਦਾਬਾਦ, ਕੋਲਕਾਤਾ, ਮੁੰਬਈ ਅਤੇ ਜੈਪੁਰ ਵਰਗੇ ਆਪਣੇ ਪੁਰਾਣੇ ਮਜ਼ਬੂਤ ਬਾਜ਼ਾਰਾਂ ਨੂੰ ਸੁਰਜੀਤ ਕਰਨ ਲਈ ਵੀ ਸ਼ਾਨਦਾਰ ਉਪਰਾਲੇ ਕੀਤੇ ਜਾਣਗੇ। ਵੇਰਕਾ ਦੇ ਉਤਪਾਦਾਂ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਨੇ ਪੈਕ ਕੀਤੇ ਦੁੱਧ ਵਿੱਚ 9 ਫੀਸਦੀ, ਦਹੀਂ ਵਿੱਚ 32 ਫੀਸਦੀ, ਲੱਸੀ ਵਿੱਚ 30 ਫੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2021-22 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਪਨੀਰ ਵਿੱਚ 23 ਫੀਸਦ ਅਤੇ ਖੀਰ ਦੀ ਵਿਕਰੀ ਵਿੱਚ 21ਫੀਸਦ ਵਾਧਾ ਦਰਜ ਹੋਇਆ ਹੈ। ਪ੍ਰੋਡਕਟ ਜਾਰੀ ਕਰਨ ਮੌਕੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ।