September 19, 2024

PUNJAB

INDIA NEWS

ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸੁਰਜੀਤ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ,-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸ਼ੁਰੂ ਹੋ ਗਿਆ ਹੈ ਅਤੇ ਹੁਣ ਇੱਥੇ ਹਰ ਸਾਲ 60 ਸੀਟਾਂ ‘ਤੇ ਦਾਖਲੇ ਕੀਤੇ ਜਾਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਹ ਜਾਣਕਾਰੀ ਦਿੰਦਿਆਂ ਕਿ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਦੀ ਬੰਦ ਕੀਤੀ ਗਈ ਪੜ੍ਹਾਈ ਨੂੰ ਮੁੜ ਸ਼ੁਰੂ ਕਰਵਾਉਣ ਲਈ ਪਿਛਲੇ ਮਹੀਨਿਆਂ ਦੌਰਾਨ ਖੇਤੀਬਾੜੀ ਵਿਭਾਗ, ਉਚੇਰੀ ਸਿੱਖਿਆ, ਪੰਜਾਬੀ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਾਲਜ ਵਿਖੇ ਹੁਣ ਇਸ ਕੋਰਸ ਦੀ ਪੜ੍ਹਾਈ ਮੁੜ ਸ਼ੁਰੂ ਕਰਵਾਉਣ ਲਈ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਲਈ ਰਾਖਵੀਆਂ 60 ਸੀਟਾਂ ‘ਤੇ ਦਾਖਲੇ ਕੀਤੇ ਜਾਣਗੇ। ਸ. ਸੰਧਵਾਂ ਨੇ ਦੱਸਿਆ ਕਿ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਮਾਲਵੇ ਖੇਤਰ ਦੀ ਅਹਿਮ ਵਿੱਦਿਅਕ ਸੰਸਥਾ ਹੈ, ਜਿੱਥੇ ਹੋਰਨਾਂ ਡਿਗਰੀਆਂ ਦੇ ਨਾਲ-ਨਾਲ ਬੀ.ਐਸ.ਸੀ. (ਖੇਤੀਬਾੜੀ) ਕੋਰਸ ਵੀ ਪੜ੍ਹਾਇਆ ਜਾਂਦਾ ਸੀ। ਉਨਾਂ ਦੱਸਿਆ ਕਿ ਸਾਲ 2019 ਦੌਰਾਨ ਵਿਦਿਆਰਥੀਆਂ ਦੇ ਆਖ਼ਰੀ ਬੈਚ ਨੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਲਈ ਕਾਲਜ ਵਿਖੇ ਦਾਖ਼ਲਾ ਲਿਆ ਸੀ ਅਤੇ ਇਸ ਵਰੇ ਉਸ ਬੈਚ ਦਾ ਆਖ਼ਰੀ ਸਾਲ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕੋਰਸ ਕਰਨ ਦੇ ਚਾਹਵਾਨ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਣ ਤੋਂ ਰੋਕਣ ਲਈ ਬੰਦ ਕੀਤੇ ਗਏ ਇਸ ਕੋਰਸ ਨੂੰ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸ. ਸੰਧਵਾਂ ਨੇ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਬੜੇ ਦੂਰਦਰਸ਼ੀ ਨਤੀਜੇ ਹਾਸਲ ਹੋਣਗੇ, ਜਿਸ ਤਹਿਤ ਜਿੱਥੇ ਇਸ ਇਲਾਕੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਨੌਜਵਾਨਾਂ ਨੂੰ ਖੇਤੀਬਾੜੀ ਵਿਗਿਆਨਕ ਢੰਗ ਨਾਲ ਕਰਨ ਦੀ ਸੋਝੀ ਆਵੇਗੀ, ਉੱਥੇ ਨਾਲ ਹੀ ਕਿਸਾਨਾਂ ਨੂੰ ਵੀ ਅਸਿੱਧੇ ਤੌਰ ਤੇ ਲਾਭ ਹੋਵੇਗਾ।