ਚੰਡੀਗੜ੍ਹ,-ਮਲਟੀ-ਨੈਸ਼ਨਲ ਕੰਪਨੀ (ਐੱਮ.ਐੱਨ.ਸੀ.) ਲਈ ਚੁਣੇ ਜਾਣ ‘ਤੇ ਸੂਬੇ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਦਫ਼ਤਰ ਵਿਖੇ 15 ਉਮੀਦਵਾਰਾਂ ਨੂੰ ਆਫ਼ਰ ਲੈਟਰ ਅਤੇ ਲੈਪਟਾਪ ਸੌਂਪੇ। ਐਚ.ਸੀ.ਐਲ. ਦੇ ਟੈਕ ਬੀ ਪ੍ਰੋਗਰਾਮ ਲਈ ਚੁਣੇ ਗਏ ਇਨ੍ਹਾਂ 15 ਵਿਦਿਆਰਥੀਆਂ ਦੀ ਚੋਣ ਮੋਹਾਲੀ, ਬਠਿੰਡਾ, ਪਟਿਆਲਾ, ਸੰਗਰੂਰ, ਫਿਰੋਜ਼ਪੁਰ ਅਤੇ ਲੁਧਿਆਣਾ ਸਥਿਤ ਛੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਕੀਤੀ ਗਈ ਹੈ।ਇਹ ਪਹਿਲਕਦਮੀ ਐਚ.ਸੀ.ਐਲ. ਦੇ ਟੈਕ ਬੀ ਪ੍ਰੋਗਰਾਮ ਦਾ ਹਿੱਸਾ ਹੈ, ਜੋ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਗਣਿਤ/ਬਿਜ਼ਨਸ ਮੈਥੇਮੈਟਿਕਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਇਸ ਪ੍ਰੋਗਰਾਮ ਲਈ ਚੁਣੇ ਜਾਣ ‘ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਆਪਣੇ ਟੀਚੀਆਂ ਦੀ ਪ੍ਰਾਪਤੀ ਲਈ ਇਕਾਗਰ ਚਿੱਤ ਹੋ ਕੇ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਆਪਣੀ ਯੋਗਤਾ ਨੂੰ ਸਾਬਤ ਕਰਦਿਆਂ ਜੀਵਨ ਵਿੱਚ ਵਿੱਤੀ ਤੌਰ ‘ਤੇ ਸਮਰੱਥ ਅਤੇ ਸਫ਼ਲ ਹੋ ਕੇ ਆਪਣੇ ਮਾਪਿਆਂ ਦਾ ਮਾਣ ਬਣੋ। ਕੈਬਨਿਟ ਮੰਤਰੀ ਨੇ ਐਚ.ਸੀ.ਐਲ ਟੀਮ ਨੂੰ ਇਸ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਦਾ ਦਾਇਰਾ ਹੋਰ ਸਰਕਾਰੀ ਸਕੂਲਾਂ ਤੱਕ ਵਧਾਉਣ ਲਈ ਵੀ ਕਿਹਾ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀਆਂ ਲੈਣ ਵਿੱਚ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ -ਕਮ-ਮਿਸ਼ਨ ਡਾਇਰੈਕਟਰ ਪੀ.ਐਸ.ਡੀ.ਐਮ. ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਪੜਾਅ ਵਿੱਚ ਛੇ-ਮਹੀਨੇ ਦੀ ਕਲਾਸਰੂਮ ਸਿਖਲਾਈ (ਸੀ.ਆਰ.ਟੀ.) ਦਿੱਤੀ ਜਾਂਦੀ ਹੈ, ਜਿਸ ਉਪਰੰਤ 6-ਮਹੀਨੇ ਦੀ ਇੰਟਰਨਸ਼ਿਪ ਹੁੰਦੀ ਹੈ। ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਵਿਦਿਆਰਥੀਆਂ ਨੂੰ ਐਚ.ਸੀ.ਐਲ ਵੱਲੋਂ ਭਰਤੀ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਐਚ.ਸੀ.ਐਲ. ਤੋਂ ਵਿੱਤੀ ਸਹਿਯੋਗ ਨਾਲ ਬੀ.ਆਈ.ਟੀ.ਐਸ. ਪਿਲਾਨੀ, ਅਮਿਟੀ ਯੂਨੀਵਰਸਿਟੀ, ਆਈ.ਆਈ.ਐਮ. ਨਾਗਪੁਰ ਅਤੇ ਸਾਸਤਰਾ (ਐਸ.ਏ.ਐਸ.ਟੀ.ਆਰ.ਏ.) ਯੂਨੀਵਰਸਿਟੀ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਵੀ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ 2 ਮਾਰਚ, 2023 ਨੂੰ ਐਚ.ਸੀ.ਐਲ. ਟਰੇਨਿੰਗ ਸਟਾਫਿੰਗ ਸਰਵਿਸਿਜ਼ ਲਿਮਟਿਡ ਨਾਲ ਸਮਝੌਤਾ ਕੀਤਾ ਗਿਆ ਸੀ। ਇਸ ਪ੍ਰੋਗਰਾਮ ਅਧੀਨ ਚੁਣੇ ਜਾਂਦੇ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ 200 ਉਮੀਦਵਾਰਾਂ ਦੀਆਂ ਫੀਸਾਂ ਦੀ ਫੰਡਿੰਗ (ਪਹਿਲੇ 100 ਉਮੀਦਵਾਰਾਂ ਦੀ ਪੂਰੀ ਫੀਸ ਅਤੇ ਅਗਲੇ 100 ਉਮੀਦਵਾਰਾਂ ਦੀ 50% ਫੀਸ) ਪੀ.ਐਸ.ਡੀ.ਐਮ. ਵੱਲੋਂ ਕੀਤੀ ਜਾਂਦੀ ਹੈ।ਐਚ.ਸੀ.ਐਲ. ਟਰੇਨਿੰਗ ਸਟਾਫ਼ਿੰਗ ਸਰਵਿਸਿਜ਼ ਲਿਮਟਿਡ ਦੇ ਨੁਮਾਇੰਦਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਲਈ ਅਤਿ-ਆਧੁਨਿਕ ਤਕਨੀਕਾਂ ਦੇ ਖੇਤਰ ਵਿੱਚ ਨਵੇਂ ਮੌਕੇ ਖੋਲ੍ਹੇਗਾ। ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ ਇੰਟਰਨਸ਼ਿਪ ਦੌਰਾਨ ਐਚ.ਸੀ.ਐਲ. ਵਿਖੇ ਲਾਈਵ ਪ੍ਰੋਜੈਕਟਾਂ ‘ਤੇ ਕੰਮ ਕਰਨ, ਤਕਨੀਕੀ ਮਾਹਰਾਂ ਤੋਂ ਸਿੱਖਿਆ ਅਤੇ ਸੇਧ ਲੈ ਕੇ ਆਪਣੇ ਕਰੀਅਰ ਨੂੰ ਸਫ਼ਲਤਾਪੂਰਵਕ ਅੱਗੇ ਵਧਾਉਣ ਦਾ ਮੌਕਾ ਮਿਲੇਗਾ।ਇਸ ਮੌਕੇ ਹਾਜ਼ਰ ਮੈਰੀਟੋਰੀਅਸ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਚੁਣੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੇ ਇਹ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
Related Posts
ਸਲਮਾਨ ਖ਼ਾਨ ਦੀ ਕੰਪਨੀ Being Human ’ਤੇ ਧੋਖਾਧੜੀ ਦੇ ਦੋਸ਼, ਮਾਮਲਾ ਦਰਜ ਪਰ ਕੋਈ ਸੁਣਵਾਈ ਨਹੀਂ
ਚੰਡੀਗੜ੍ਹ : ਸ਼ਹਿਰ ਦੇ ਇਕ ਕਾਰੋਬਾਰੀ ਅਰੁਣ ਗੁਪਤਾ ਨੇ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਤੇ ਬੀਂਗ ਹਿਊਮਨ ਕੰਪਨੀ…
ਫੀਫਾ ਪੁਰਸਕਾਰ ਲਈ ਮੈਸੀ, ਰੋਨਾਲਡੋ ਤੇ ਸਲਾਹ ਸਮੇਤ 11 ਖਿਡਾਰੀ ਨਾਮਜ਼ਦ, ਕੌਣ ਬਣੇਗਾ ਸਰਬੋਤਮ ਖਿਡਾਰੀ
ਜਿਊਰਿਖ : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਫਾਰਵਰਡ ਲਿਓਨ ਮੈਸੀ, ਮਾਨਚੈਸਟਰ ਯੂਨਾਈਟਡ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਲਿਵਰਪੂਲ ਦੇ ਮੁਹੰਮਦ ਸਲਾਹ…
ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਸੁਖਪਾਲ ਖਹਿਰਾ ਨੂੰ ਕੋਰਟ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ…