ਕੈਲਗਰੀ-ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਮਾਸਟਰ ਭਜਨ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ 20 ਅਗਸਤ 2023 ਨੂੰ ਡਾ ਸਾਹਿਬ ਸਿੰਘ ਵੱਲੋਂ ਰੈਡ ਸਟੋਨ ਥੀਏਟਰ ਵਿੱਚ ਖੇਡੇ ਜਾ ਰਹੇ ਨਾਟਕ ‘ਸੰਮਾਂ ਵਾਲ਼ੀ ਡਾਂਗ’ ਬਾਰੇ ਜਾਣਕਾਰੀ ਦਿੱਤੀ। ਨਾਟਕ ਸਮਾਗਮ ਵਿੱਚ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ ਕੈਨੇਡਾ ਦੀ ਜ਼ਿੰਦਗੀ ਅਧਾਰਿਤ ਨਾਟਕ ਤੇਰੀ ਮੇਰੀ ਜ਼ਿੰਦਗੀ ਪੇਸ਼ ਕੀਤਾ ਜਾਵੇਗਾ।ਇਸ ਪੁਸਤਕ ਮੇਲੇ ਦਾ ਉਦਘਾਟਨ ਉੱਘੇ ਪੱਤਰਕਾਰ,ਲੇਖਕ ਤੇ ਬੁੱਧੀਜੀਵੀ ਜਸਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਬੇਸ਼ੱਕ ਪੰਜਾਬੀਆਂ ਵਿੱਚ ਪੁਸਤਕ ਕਲਚਰ ਦੀ ਘਾਟ ਹੈ, ਪਰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਪਿਛਲੇ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਪੁਸਤਕ ਮੇਲੇ ਸ਼ਲਾਘਾਯੋਗ ਉੱਦਮ ਹਨ। ਉਨ੍ਹਾਂ ਮਾਸਟਰ ਭਜਨ ਸਿੰਘ ਤੇ ਟੀਮ ਦਾ ਸਰੋਤਿਆਂ ਨੂੰ ਵਿਦੇਸ਼ਾਂ ਵਿੱਚ ਕਿਤਾਬਾਂ ਮਹੁੱਈਆ ਕਰਾਉਣ ਦੀ ਭਰਪੂਰ ਸ਼ਾਲਾਘਾ ਕੀਤੀ। ਇਸ ਮੌਕੇ ਤੇ ਜਸਪਾਲ ਸਿੰਘ ਸਿੱਧੂ ਨੂੰ ‘ਹੈਲਥੀ ਲਾਈਫ ਸਟਾਈਲ ਫਾਊਂਡੇਸ਼ਨ’ ਦੇ ਪ੍ਰਧਾਨ ਡਾ.ਸੁੱਖਵਿੰਦਰ ਸਿੰਘ ਬਰਾੜ ਦੀ ਹੈਲਥੀ ਲਾਈਫ ਸਟਾਈਲ ਬਾਰੇ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਭੇਟ ਕੀਤੀ ਗਈ।ਇਸ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖ਼ਰੀਦੀਆਂ। ਪੁਸਤਕ ਮੇਲੇ ਦੇ ਪ੍ਰਬੰਧਕਾਂ ਵੱਲੋਂ ਪਾਠਕਾਂ ਵਿੱਚ ਦਿਖਾਏ ਉਤਸ਼ਾਹ ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਗਿਆ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।
