September 19, 2024

PUNJAB

INDIA NEWS

ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਕਿਸਾਨੀ ਦਾ ਮੁੱਦਾ ਭਾਰੂ ਰਿਹਾ

ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ। ਸਭ ਤੋਂ ਪਹਿਲਾਂ ਵਿਛੜੀਆ ਰੂਹਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ| ਉਪਰੰਤ ਸਕੱਤਰ ਗੁਰਚਰਨ ਕੌਰ ਥਿੰਦ ਨੇ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਹੋਤਾ, ਬਲਵਿੰਦਰ ਬਰਾੜ ਅਤੇ ਸ਼੍ਰੀ ਏ.ਕੇ. ਪੁਰੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੋਸ਼ਬਿਤ ਹੋਣ ਗਈ ਅਪੀਲ ਕੀਤੀ| ਇਸ ਸਮੇਂ ਮਨਮੋਹਨ ਸਿੰਘ ਬਾਠ ਦੇ ਸੁਰੀਲੀ ਅਵਾਜ਼ ਵਿੱਚ ਗਾਏ ‘ਹੁਸਨ ਵਾਲੇ ਤੇਰਾ ਜੁਆਬ ਨਹੀਂ’ ਗੀਤ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ। ਤੇਜਾ ਸਿੰਘ ਪ੍ਰੇਮੀ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਸਾਨੀ ਨਾਲ ਸਬੰਧਤ ਬੋਲੀਆਂ ਪਾਈਆਂ ਅਤੇ ਕਿਸਾਨ ਅੰਦੋਲਨ ਦੀ ਕਵੀਸ਼ਰੀ ਪੇਸ਼ ਕੀਤੀ। ਸੰਗਰੂਰ ਵਾਸੀ ਮੋਹਨ ਲਾਲ ਗਰਗ ਜੀ ਜੋ ਕਿ ਆਪਣੀ ਬੇਟੀ ਕੋਲ ਵਿਜ਼ਿਟਿੰਗ ਵੀਜ਼ੇ ਤੇ ਆਏ ਹਨ, ਉਨ੍ਹਾਂ ਇਸ ਨਵੇਂ ਸਥਾਨ ਦੇ ਆਪਣੇ ਅਨੁਭਵ ਸਾਂਝੇ ਕੀਤੇ।ਡਾ: ਜੋਗਾ ਸਿੰਘ ਨੇ ਆਪਣੇ ਸਾਜ਼ ਦੇ ਸੁਰਤਾਲ ਨਾਲ ਮਸ਼ਹੂਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਗ਼ਜ਼ਲ ‘ਤੜਪੀ ਬਹੁਤ ਸੀ ਰੂਹ ਤਾਂ ਰੂਹਾਂ ਦੇ ਮੇਲ ਨੂੰ, ਪਰ ਜਿਸਮਾਂ ਵਿਚਾਲਿਓਂ ਮਿਟਦੀ ਨਾ ਲੀਕ ਸੀ।’ ਅਤੇ ਪਾਕਿਸਤਾਨੀ ਗਾਇਕ ਪਰਵੇਜ਼ ਮਹਿੰਦੀ ਦਾ ਗਾਇਆ ਗੀਤ ‘ਮੇਰੀਆਂ ਗੱਲਾਂ ਯਾਦ ਕਰੇਂਗੀ, ਰੋ ਰੋ ਅੱਖੀਆਂ ਲਾਲ ਕਰੇਂਗੀ’ ਗਾ ਕੇ ਰੰਗ ਬੰਨ੍ਹ ਦਿੱਤਾ। ਪ੍ਰੀਤ ਸਾਗਰ ਸਿੰਘ ਨੇ ਸਿੰਮੀ ਕੌਰ ਗੁਪਤਾ ਦੀ ਰਿਲੀਜ਼ ਕੀਤੀ ਕਿਤਾਬ ‘ਖੂੁਹ ਵਿੱਚ ਰੂਹ’ ਬਾਰੇ ਗੱਲ ਕੀਤੀ ਅਤੇ ਕਰਮਾਂ ਦੀ ਥਿਊਰੀ ਨੂੰ ਪੇਸ਼ ਕਰਦੀ ਆਪਣੀ ਕਵਿਤਾ ਸਾਂਝੀ ਕੀਤੀ। ਏ. ਕੇ. ਪੁਰੀ ਨੇ ਆਪਣੀ ਜਾਣਕਾਰੀ ਦੇਣ ਬਾਦ ਵਿਸਥਾਰ ਨਾਲ ਰਿਟਾਇਰਮੈਂਟ ਜ਼ਿੰਦਗੀ ਜਿਉਣ ਦੇ ਕੁੱਝ ਲਾਹੇਵੰਦ ਨੁਕਤਿਆਂ ਬਾਰੇ ਸਾਂਝ ਪਾਉਂਦੇ ਕਿਹਾ ਕਿ ਰਿਟਾਇਰਮੈਂਟ ਬਾਦ ਚਾਹੇ ਕੋਈ ਕਿਸੇ ਵੀ ਅਹੁਦੇ ਤੋਂ ਰਿਟਾਇਰ ਹੋਇਆ ਹੋਵੇ| ਇਹ ਅਹਿਮ ਛੱਡ ਕੇ ਸਾਰਿਆਂ ਨਾਲ ਬਰਾਬਰ ਦਾ ਵਤੀਰਾ ਕਰਨਾ ਅਤੇ ਰਲ ਮਿਲ ਕੇ ਰਹਿਣਾ ਚਾਹੀਦਾ। ਸਿੰਮੀ ਕੌਰ ਗੁਪਤਾ ਨੇ ਜ਼ਿੰਦਗੀ ਵਿੱਚ ਘਟਨਾਵਾਂ ਦੇ ਬਣਦੇ ਮੌਕਾ ਮੇਲ ਬਾਰੇ ਨਿੱਜੀ ਤਜਰਬੇ ਦੇ ਅਧਾਰ ਤੇ ਗੱਲ ਕੀਤੀ।ਖੇਤੀ ਬਾੜੀ ਮਾਹਿਰ ਰਿਟਾਇਰਡ ਡਾ: ਐੱਸ.ਐੱਸ ਥਿੰਦ ਹੁਰਾਂ ਹਰੀ ਕ੍ਰਾਂਤੀ ਦੇ ਪਿਛੋਕੜ ਦਾ ਵਰਨਣ ਕਰਦੇ ਹੋਏ ਦੱਸਿਆ ਕਿ ਇਹ ਪੰਜਾਬ ਦੇ ਕਿਸਾਨਾਂ ਵਲੋਂ ਵਿਖਾਈ ਜ਼ਿੰਦਾਦਿਲੀ ਅਤੇ ਮਿਹਨਤ ਦਾ ਨਤੀਜਾ ਸੀ ਕਿ ਦੇਸ਼ ਦੇ ਅੰਨ ਦੇ ਭੰਡਾਰ ਭਰ ਗਏ ਅਤੇ ਦੇਸ਼ ਨੂੰ ਠੂਠਾ ਫੜ੍ਹ ਕੇ ਅਨਾਜ ਮੰਗਣ ਦੀ ਜ਼ਿੱਲਤ ਤੋਂ ਛੁਟਕਾਰਾ ਮਿਲਿਆ। ਹੁਣ ਜਦੋਂ ਕਿ ਹਰੀ ਕ੍ਰਾਂਤੀ ਨੂੰ ਕਿਸਾਨੀ ਦੀ ਬਰਬਾਦੀ ਕਿਹਾ ਜਾਂਦਾ ਹੈ ਤਾਂ ਇਹ ਰਾਜਨੀਤਕ ਕਾਰਨਾਂ ਦਾ ਸਿੱਟਾ ਹੈ ਨਾ ਕਿ ਖੇਤੀ-ਬਾੜੀ ਵਿਗਿਆਨੀਆਂ ਦਾ ਖੋਜਾਂ ਇਸ ਦਾ ਕਾਰਨ ਹਨ। ਰਿਟਾਇਰਡ ਹੈਡਮਾਸਟਰ ਗੁਰਮੀਤ ਸਿੰਘ ਨੇ ਅਜ਼ਾਦੀ ਸਮੇਂ ਦੇਸ਼ ਦੀ ਵੰਡ ਦਾ ਸ਼ਿਕਾਰ ਆਪਣੇ ਵਡੇਰਿਆਂ ਤੋਂ ਸੁਣੇ ਦੁੱਖਭਰੇ ਤਜਰਬਿਆਂ ਤੇ ਅਧਾਰਤ ਲਿਖੀ ਜਾ ਰਹੀ ਕਿਤਾਬ ਬਾਰੇ ਜਾਣਕਾਰੀ ਦਿੱਤੀ| ਜੀਤ ਸਿੰਘ ਅਤੇ ਹਰਦਿਆਲ ਸਿੰਘ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲੁਆਈ।ਪ੍ਰਧਾਨ ਜਸਵੀਰ ਸਿੰਘ ਸਹੋਤਾ ਨੇ 15 ਅਗਸਤ ਨੂੰ ਭਾਰਤ ਦੇ ਅਜ਼ਾਦੀ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਇਸ ਦਿਨ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਜ਼ਾਦ ਭਾਰਤ ਵਿੱਚ ਸਾਹ ਲੈਣ ਦੀ ਰੀਝ ਪੂਰੀ ਹੋਈ ਅਤੇ ਅੱਜ ਸਭ ਅਜ਼ਾਦ ਭਾਰਤ ਦੇ ਅਜ਼ਾਦ ਵਸਨੀਕ ਹਨ। ਉਨ੍ਹਾਂ ਕੈਨੇਡਾ ਰਹਿੰਦੇ ਆਪਣੇ ਸਮੇਂ ਵਿੱਚ ਵਾਪਰਦੇ ਰਿਸੈਸ਼ਨਾਂ ਦਾ ਜ਼ਿਕਰ ਕੀਤਾ| ਸਕੱਤਰ ਗੁਰਚਰਨ ਥਿੰਦ ਨੇ ਕਿਸਾਨੀ ਅੰਦੋਲਨ ਸਮੇਂ ਕਿਸਾਨ ਮਰਦਾਂ ਦੀ ਗੈਰ ਹਾਜ਼ਰੀ ਵਿੱਚ ਘਰ ਦੀਆਂ ਔਰਤਾਂ ਵਲੋਂ ਆਪਣੀਆਂ ਫ਼ਸਲਾਂ ਸੰਭਾਲਣ ਦੀ ਜ਼ਿੰਮੇਵਾਰੀ ਦਰਸਾਉਂਦੀ ਆਪਣੀ ਰਚਨਾ ‘ਚਲ ਉੱਠ ਨੀ ਬਚਨ ਕੁਰੇ ਚੱਲ ਉੱਠ ਖੇਤਾਂ ਨੂੰ ਚਲੀਏ, ਕਾਕੇ ਦਾ ਭਾਪਾ ਸੀ ਜੋ ਕੇਰਾ ਕੇਰ ਕੇਰ ਗਿਆ, ਉਨ੍ਹਾਂ ਫੁੱਟੀਆਂ ਤੂਈਆਂ ਦਾ ਚਲ ਜਾ ਸੰਭਾਲ਼ਾ ਕਰੀਏ।’ ਅੰਤ ਵਿੱਚ ਉਨ੍ਹਾਂ ਆਏ ਸਾਰਿਆ ਦਾ ਧੰਨਵਾਦ ਕੀਤਾ|