ਕੈਲਗਰੀ ਵਿੱਚ ਅਜੋਕੀ ਰਾਜਨੀਤੀ ਅਤੇ ਲੋਕ ਮਸਲਿਆਂ ‘ਤੇ ਸੈਮੀਨਾਰ

ਕੈਲਗਰੀ-ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਅੇਸੋਸੀਏਸ਼ਨ ਦੇ ਹਾਲ ਅੰਦਰ ਸਰੋਤਿਆਂ ਭਰਵੇਂ ਇੱਕਠ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਬੋਲਦਿਆਂ ਯੂ ਐਨ ਆਈ ਦੇ ਸਾਬਕਾ ਸੀਨੀਅਰ ਪੱਤਰਕਾਰ, ਲੇਖਕ ਤੇ ਸਿੱਖ ਵਿਦਵਾਨ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ,ਨਾ ਸਿਰਫ ਰਾਜਨੀਤਕ ਧਿਰ ਵਜੋਂ ਪੰਜਾਬ ਵਿੱਚ ਹੀ ਸਗੋਂ ਭਾਰਤੀ ਰਾਜਨੀਤੀ ਵਿੱਚ ਵੀ ਆਪਣਾ ਸਥਾਨ ਗੁਆ ਰਹੇ ਹਨ।ਉਨ੍ਹਾਂ ‘ਅਨੰਦਪੁਰ ਦੇ ਮਤੇ’ ਦੇ ਹਵਾਲੇ ਨਾਲ਼ ਕਿਹਾ ਕਿ ਕਿਸੇ ਵਕਤ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ ਇੱਕ ਸ਼ਕਤੀਸ਼ਾਲੀ ਖੇਤਰੀ ਪਾਰਟੀ ਸੀ,ਸਗੋਂ ਫੈਡਰਲ ਢਾਂਚੇ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਲੜਨ ਵਿੱਚ ਮੂਹਰੀ ਸੀ, ਉਥੇ ਅੱਜ ਜਦੋਂ ਦੇਸ਼ ਵਿੱਚ ਭਾਜਪਾ ਖਿਲਾਫ ਸਾਰੀਆਂ ਖੇਤਰੀ ਪਾਰਟੀਆਂ ਲਾਮਬੰਦ ਹੋ ਰਹੀਆਂ ਹਨ ਤਾਂ ਉਥੇ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਵਿੱਚ ਕੋਈ ਵੀ ਨਹੀਂ ਹੈ।ਸਿੱਖਾਂ ਲਈ ਇਹ ਇੱਕ ਗੰਭੀਰ ਚਿੰਤਾ ਦਾ ਮੁੱਦਾ ਹੈ|ਇਸ ਮੌਕੇ ਤੇ ‘ਪ੍ਰੌਗਰੈਸਿਵ ਕਲਾ ਮੰਚ’ ਦੇ ਕਲਾਕਾਰਾਂ ਵਲੋਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੀਆਂ ਦੋ ਬਹੁਤ ਹੀ ਪ੍ਰਭਾਵਸ਼ਾਲੀ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।ਜਿਨ੍ਹਾਂ ਵਿੱਚੋਂ ਇੱਕ ਔਰਤ ਦੇ ਦਰਦ ਨੂੰ ਬਿਆਨ ਕਰਦੀ ਸੀ, ‘ਸਖੀਏ ਸਹੇਲੀਏ… ਸੀ ਅਤੇ ਦੂਜੀ ਕੋਰੀਓਗਰਾਫੀ ਪਿਛਲੇ ਦਿਨੀਂ ਭਾਰਤ ਦੇ ਪ੍ਰਾਂਤ ਮਨੀਪੁਰ ਵਿੱਚ ਔਰਤਾਂ ਨਾਲ਼ ਹੋਏ ਸਮੂਹਿਕ ਬਲਾਤਕਾਰ ਨੂੰ ਸਮਰਪਿਤ ਸੀ, ਜਿਸ ਵਿੱਚ ਇਸ ਗੀਤ; ‘ਉਠ ਨੀ ਕੁੜੀਏ, ਉਠ ਨੀ ਚਿੜੀਏ, ਚੀਕ ਚਿਹਾੜਾ ਪਾ…’ ਰਾਹੀਂ ਅੋਰਤਾਂ ਨੂੰ ਆਪਣੇ ਹੱਕਾਂ ਅਤੇ ਸਵੈਮਾਣ ਲਈ ਲੜਨ ਦਾ ਸੱਦਾ ਦਿੱਤਾ ਗਿਆ।ਮਨੀਪੁਰ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਸਬੰਧੀ ਸਰਬਸੰਮਤੀ ਨਾਲ਼ ਇੱਕ ਮਤਾ ਪਾਸ ਕੀਤਾ ਗਿਆ, ਜਿਸਨੂੰ ਮਾਸਟਰ ਭਜਨ ਸਿੰਘ ਵਲੋਂ ਪੜ੍ਹਿਆ ਗਿਆ ਤੇ ਸਰੋਤਿਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।ਸੈਮੀਨਾਰ ਵਿੱਚ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ ਜਗਰੂਪ ਸਿੰਘ ਸੇਖੋਂ ਨੇ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੇ ਵੱਖ-ਵੱਖ ਪੱਖਾਂ ਤੇ ਵਿਸ਼ੇਸ਼ ਚਰਚਾ ਕੀਤੀ।ਉਨ੍ਹਾਂ ਸਰੋਤਿਆਂ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੀ ਕਿਤਾਬ ‘ਟੈਰੋਰਿਜ਼ਮ ਇਨ ਪੰਜਾਬ; ਗਰਾਸ ਰੂਟ ਰੀਐਲਿਟੀਜ਼’ ਦੇ ਹਾਵਲੇ ਨਾਲ਼ 1984 ਦੀ ਖਾੜਕੂ ਮੂਵਮੈਂਟ ਬਾਰੇ ਕਈ ਰੌਚਕ ਤੱਥ ਸਾਂਝੇ ਕੀਤੇ।ਸੈਮੀਨਾਰ ਦੇ ਤੀਸਰੇ ਬੁਲਾਰੇ ਉਘੇ ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਵਲੋਂ ਪੰਜਾਬ ਵਿੱਚ ਐਜੂਕੇਸ਼ਨ ਦੇ ਡਿਗ ਰਹੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਦਾ ਸੁਪਨਾ ਮਰ ਚੁੱਕਾ ਹੈ, ਉਸ ਕੋਲ਼ ਦੇਸ਼ ਵਿੱਚ ਰਹਿਣ ਲਈ ਚਾਹਤ ਨਹੀਂ, ਹਰ ਇੱਕ ਦਾ ਰੁਝਾਨ 12 ਕਲਾਸਾਂ ਤੋਂ ਬਾਅਦ ਆਇਲਿਟ ਕਰਕੇ ਵਿਦੇਸ਼ ਜਾਣ ਵੱਲ ਹੈ।ਇੱਥੇ ਆ ਕੇ ਕੋਈ ਉਚੇਰੀ ਵਿਦਿਆ ਲੈਣ ਦੀ ਥਾਂ ਪੀ ਆਰ ਲੈਣਾ ਹੀ ਇੱਕੋ-ਇੱਕ ਪ੍ਰਾਪਤੀ ਮੰਨੀ ਜਾ ਰਹੀ ਹੈ। ਇਸ ਸਮੇਂ ਆਏ ਮਹਿਮਾਨਾਂ ਸਮੇਤ ਹਰਚਰਨ ਸਿੰਘ ਪ੍ਰਹਾਰ, ਪ੍ਰੋ ਗੋਪਾਲ ਕਾਉਂਕੇ, ਕਮਲ ਸਿੱਧੂ, ਹਰੀਪਾਲ, ਜਸਵਿੰਦਰ ਮਾਨ, ਨਵਕਿਰਨ ਢੁੱਡੀਕੇ ਅਤੇ ਸੁੱਖਵੀਰ ਗਰੇਵਾਲ਼ ਵਲੋਂ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਮੌਕੇ ‘ਈਸਟ ਇੰਡੀਅਨ ਡਿਫੈਂਸ ਕਮੇਟੀ’ ਵਲੋਂ ਛਾਪੀ ਗਈ ਕਿਤਾਬ ‘ਬੱਬਰ ਅਕਾਲੀਆਂ ਦੀ ਅਮਰ ਗਾਥਾ’ ਰਿਲੀਜ਼ ਕੀਤੀ ਗਈ।