ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਾਂ ਨੇ ਸਾਉਣ ਮਹੀਨਾ ਮਨਾਇਆ

ਕੈਲਗਰੀ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਪ੍ਰੇਰੀਵਿੰਡ ਪਾਰਕ ਦੇ ਕੁਦਰਤੀ ਖੁੱਲ੍ਹੇ ਡੁੱਲੇ ਮਾਹੌਲ ਵਿੱਚ ਹੋਈ।ਹਰ ਕੋਈ ਔਰਤ ਆਪਣੇ ਨਾਲ ਸੁਵਾਦੀ ਪਕਵਾਨ ਲੈ ਕੇ ਆਈ| ਗੁਰਚਰਨ ਥਿੰਦ ਨੇ ਮੀਟਿੰਗ ਦੀ ਕਾਰਵਾਈ ਸੁਰੂ ਕਰਦਿਆ ਸਾਵਣ ਮਹੀਨੇ ਦੀ ਆਏ ਸਾਰਿਆ ਨੂੰ ਵਧਾਈ ਦਿੱਤੀ| ਹਰਜੀਤ ਕੌਰ ਜੌਹਲ, ਨੇ ਲੰਮੀਆਂ ਬੋਲੀਆਂ ਪਾ ਕੇ ਸਾਉਣ ਮਹੀਨੇ ਦੇ ਗਿੱਧੇ ਦੇ ਪਿੜ ਅਤੇ ਪੀਂਘਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸੁਰਿੰਦਰ ਸੰਧੂ ਨੇ ‘ਸਾਵਣ ਮਹੀਨੇ ਦਾ ਗੀਤ’ ਸੁਣਾਇਆ। ਕੁਲਵੰਤ ਕੌਰ, ਮੁਖਤਿਆਰ ਧਾਲੀਵਾਲ,ਸੁਰਜੀਤ ਢਿਲੋਂ ਅਤੇ ਜਸਵਿੰਦਰ ਕੌਰ ਹੁਰਾਂ ਗੀਤ ਸੁਣਾਏ। ਸਭਾ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਦਵਿੰਦਰ ਕੌਰ ਸਿੱਧੂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਤ ਕਵਿਤਾ ਸਾਂਝੀ ਕੀਤੀ। ਰਾਜਿੰਦਰ ਚੋਹਕਾ ਨੇ ਸਾਉਣ ਮਹੀਨੇ ਨਾਲ ਜੁੜੀਆਂ ਸਾਡੇ ਸਮਾਜ ਅਤੇ ਸਭਿਆਚਾਰ ਦੀਆਂ ਰਵਾਇਤਾਂ ਅਤੇ ਰੀਤੀ ਰਿਵਾਜ਼ਾਂ ਦੀ ਸਾਂਝ ਪਾਈ। ਹਰਬੰਸ ਰਤਨ ਹੁਰਾਂ ਪੁਰਾਣੀਆਂ ਸਮਾਜਿਕ ਰਵਾਇਤਾਂ ਦੇ ਨਾਲ ਨਾਲ ਵੱਡੀ ਉਮਰ ਦੇ ਬੰਦੇ ਨਾਲ ਜੁਆਨ ਕੁੜੀ ਦੇ ਕੁਜੋੜ ਵਿਆਹਾਂ ਵਰਗੀਆਂ ਸਮਾਜਿਕ ਕੁਰੀਤੀਆਂ ਦਾ ਜ਼ਿਕਰ ਕੀਤਾ ਅਤੇ ਕਵਿਤਾ ਦੀ ਸਾਂਝ ਪਾਈ।ਗੁਰਤੇਜ ਸਿੱਧੂ, ਅਮਰਜੀਤ ਸੱਗੂ, ਗੁਰਜੀਤ ਬੈਦਵਾਨ ਤੇ ਗੁਰਿੰਦਰ ਸਿੱਧੂ, ਜਤਿੰਦਰ ਪੇਲੀਆ ਤੇ ਹਰਬੰਸ ਪੇਲੀਆ, ਜੋਗਿੰਦਰ ਪੁਰਬਾ, ਸੁਰਿੰਦਰ ਗਿੱਲ ਤੇ ਅਮਰਜੀਤ ਵਿਰਦੀ ਹੁਰਾਂ ਟੋਲੀਆਂ ਬਣਾ ਕੇ ਲੋਕ-ਗੀਤਾਂ ਦੀ ਛਹਿਬਰ ਲਾ ਦਿੱਤੀ। ਸਰਬਜੀਤ ਉੱਪਲ, ਰਣਜੀਤ ਕੌਰ ਤੇ ਹੋਰ ਭੈਣਾਂ ਨੇ ਬੋਲੀਆਂ ਪਾਈਆਂ ਤਾਂ ਨੱਚਣ ਵਾਲੀਆਂ ਦੀ ਉੱਠੀ ਅੱਡੀ ਨੇ ਗਿੱਧੇ ਦੀਆਂ ਸ਼ੁਕੀਨਣਾਂ ਨੂੰ ਨੱਚਣ ਲਾ ਦਿੱਤਾ।