ਕੈਲਗਰੀ-ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਬਲਬੀਰ ਗੋਰਾ,ਜਗਦੀਸ਼ ਸਿੰਘ ਚੋਹਕਾ ਅਤੇ ਲੇਖਕ ਮਹਿੰਦਰਪਾਲ ਧਾਲੀਵਾਲ ਨੂੰ ਜਨਰਲ ਸਕੱਤਰ ਮੰਗਲ ਚੱਠਾ ਨੇ ਸੁਰੂਆਤ ਕਰਦਿਆ ਸਵਾਗਤ ਕੀਤਾ| ਉਸ ਤੋਂ ਬਾਅਦ ਪ੍ਰਸਿੱਧ ਲੇਖਕ ,ਅਨੁਵਾਦਕ ਤੇ ਸੰਪਾਦਕ ਹਰਭਜਨ ਹੁੰਦਲ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਜਾਬ ਵਿੱਚ ਆਏ ਹੜ੍ਹ ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ| ਰਚਨਾਵਾਂ ਦਾ ਆਗਾਜ਼ ਸੁਰਿੰਦਰ ਗੀਤ ਨੇ ‘ਦੁਆ ਕਰਾ ਮੈ ਸਾਡੇ ਵਿਹੜੇ ਹਮੇਸ਼ਾ ਖਿੜਦਾ ਗੁਲਾਬ ਹੋਵੇ’ ਕਵਿਤਾ ਸੁਣਾ ਕੇ ਕੀਤਾ। ਮਨਮੋਹਨ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਮੈਨੂੰ ਪੈਣ ਬਿਰਹੋਂ ਦੇ ਕੀੜੇ’ ਸੁਣਾਇਆ। ਜਸਵੀਰ ਸਹੋਤਾ ਨੇ ਜ਼ਿੰਮੇਵਾਰ ਸੰਸਥਾਵਾਂ ਤੇ ਮੀਡੀਆ ਵੱਲੋਂ ਹਲਕੇ ਪੱਧਰ ਦੀ ਸ਼ਬਦਾਵਲੀ ਵਰਤਣ ਤੇ ਚਿੰਤਾ ਜ਼ਾਹਿਰ ਕੀਤੀ। ਉਪਰੰਤ ਹਰੀ ਪਾਲ ਨੇ ਕਿਤਾਬ ਤੇ ਪਰਚਾ ਪੜਦੇ ਹੋਏ ਕਿਹਾ ਕਿ ਇਹ ਕਿਤਾਬ ਪਾਠਕਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਸੇਧ ਲੈਣ ਲਈ ਪ੍ਰੇਰਦੀ ਹੈ ਤਾਂ ਕਿ ਇਸ ਕਾਰਪੋਰੇਟ ਲਾਲਚ ਦੇ ਵਿਰੁੱਧ ਫੈਸਲਾਕੁੰਨ ਲੜਾਈ ਲੜੀ ਜਾ ਸਕੇ ਕਿਤਾਬ ਬਾਰੇ ਦੂਜਾ ਪਰਚਾ ਗੁਰਚਰਨ ਕੌਰ ਥਿੰਦ ਨੇ ਪੜਦਿਆਂ ਕਿਹਾ ਕਿ ਲੇਖਕ ਨੇ ਫਾਸ਼ੀਵਾਦ ਦੇ ਵਧਦੇ ਪਸਾਰੇ ਤੋਂ ਲੋਕਾਂ ਨੂੰ ਸੁਚੇਤ ਕੀਤਾ ਹੈ ਅਤੇ ਧੀਮੀ ਗਤੀ ਸੰਘਰਸ਼ ਨਾਲ ਵੀ ਤਬਦੀਲੀ ਆਉਣ ਦੀ ਗੱਲ ਕੀਤੀ ਇਸ ਦੇ ਨਾਲ ਹੀ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਆਪਣੀ ਕਿਤਾਬ ਤੇ ਬੋਲਦਿਆਂ ਜਗਦੀਸ਼ ਸਿੰਘ ਚੋਹਕਾ ਨੇ ਕਿਹਾ ਕਿ ਬੇਇਨਸਾਫੀਆਂ ਵਿਰੁੱਧ ਸੰਘਰਸ਼ ਸਦੀਆਂ ਪੁਰਾਣਾ ਹੈ, ਸਾਨੂੰ ਇਮਾਨਦਾਰੀ ਅਤੇ ਬਹਾਦਰੀ ਨਾਲ ਸੰਘਰਸ਼ ਦੇ ਰਾਹ ਤੁਰਨਾ ਹੀ ਪੈਣਾ ਹੈ ਤੇ ਸੱਚ ਦਾ ਇੰਤਜ਼ਾਰ ਘੜੀ ਦੀ ਟਿਕ ਟਿਕ ਵਾਂਗ ਕਰਨਾ ਪੈਣਾ ਹੈ। ਨਾਵਲਿਸਟ ਮਹਿੰਦਰ ਪਾਲ ਧਾਲੀਵਾਲ ਦਾ ਸਨਮਾਨ ਕੀਤਾ ਗਿਆ ਅਤੇ ਧਾਲੀਵਾਲ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕਿਤਾਬ ਬਾਰੇ ਵਿਚਾਰ ਵੀ ਪੇਸ਼ ਕੀਤੇ। ਇਸ ਤੋਂ ਬਾਅਦ ਸੰਤ ਸਿੰਘ ਧਾਲੀਵਾਲ ਨੇ ਗਦਰੀ ਬਾਬਿਆਂ ਦੇ ਮੇਲੇ ਦੀ ਜਾਣਕਾਰੀ ਦਿੱਤੀ| ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਗਿੱਲ ਨੇ 1947 ਦੀ ਵੰਡ ਤੇ ਭਾਵੁਕ ਕਰਨ ਵਾਲੀ ਕਹਾਣੀ ਸੁਣਾਈ| ਇਸ ਸਮੇਂ ਸੁਖਵਿੰਦਰ ਸਿੰਘ ਤੂਰ, ਗੁਰਮੀਤ ਕੌਰ ਸਰਪਾਲ,ਸੁਖਜੀਤ ਸਿਮਰਨ, ਰਜਿੰਦਰ ਕੌਰ ਚੋਹਕਾ ਨੇ ਹਿੱਸਾ ਲਿਆ।ਇਸ ਮੌਕੇ ਤਰਲੋਚਨ ਸੈਹਬੀਂ,ਗੁਰਮੀਤ ਸਿੰਘ ਕੁਤਬਾ,ਦਲਜੀਤ ਸਿੰਘ,ਮੇਜਰ ਸਿੰਘ ਧਾਲੀਵਾਲ,ਸੁਖਵਿੰਦਰ ਸਿੰਘ,ਕਸ਼ਮੀਰ ਸਿੰਘ,ਡਾਕਟਰ ਜਸਵਿੰਦਰ ਸਿੰਘ ਬਰਾੜ ਹਾਜਰ ਸਨ| ਅਖੀਰ ਵਿੱਚ ਬਲਵੀਰ ਗੋਰਾ ਆਏ ਸਾਰਿਆ ਦਾ ਧੰਨਵਾਦ ਕੀਤਾ|
