ਅਮਰੀਕਾ ਵਲੋਂ ਘਟਨਾ ਅਪਰਾਧਿਕ ਮਾਮਲਾ ਕਰਾਰ ਖਾਲਿਸਤਾਨੀ ਸਮਰਥਕਾਂ ਨੇ ਸਾਨ ਫਰਾਂਸਿਸਕੋ ਵਿਚ ਭਾਰਤੀ ਅੰਬੈਸੀ ਨੂੰ ਅੱਗ ਲਗਾਈ
ਸਾਨ ਫਰਾਂਸਿਸਕੋ-ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਖੇ ਖਾਲਿਸਤਾਨੀ ਕੱਟੜਪੰਥੀਆਂ ਵਲੋਂ ਭਾਰਤੀ ਕੌਂਸਲੇਟ ਨੂੰ ਅੱਗ ਲਗਾਏ ਜਾਣ ਦੀ ਖਬਰ ਹੈ। ਇਹ ਘਟਨਾ 2 ਜੁਲਾਈ ਨੂੰ ਦੁਪਹਿਰ 1:30 ਵਜੇ ਤੋਂ 2:30 ਵਜੇ ਦਰਮਿਆਨ ਵਾਪਰੀ ਦੱਸੀ ਗਈ ਹੈ।ਇਹ ਵੀ ਦੱਸਿਆ ਗਿਆ ਹੈ ਕਿ ਸਾਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਅੱਗ ‘ਤੇ ਤੇਜ਼ੀ ਨਾਲ ਕਾਬੂ ਪਾ ਲਿਆ ਜਿਸ ਕਾਰਣ ਨੁਕਸਾਨ ਸੀਮਤ ਰਿਹਾ ਅਤੇ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ। ਕਿਹਾ ਗਿਆ ਹੈ ਕਿ ਖਾਲਿਸਤਾਨੀ ਕੱਟੜਪੰਥੀਆਂ ਵਲੋਂ ਸਰੀ (ਕੈਨੇਡਾ) ਵਿਚ ਪਿਛਲੇ ਦਿਨੀ ਕਤਲ ਕੀਤੇ ਗਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਰੋਸ ਵਜੋਂ ਭਾਰਤੀ ਅੰਬੈਸੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਿੱਖ ਕੱਟੜਪੰਥੀਆਂ ਦੁਆਰਾ ਜਾਰੀ ਕੀਤੇ ਗਏ ਇਕ ਪੋਸਟਰ ਵਿੱਚ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਕੌਂਸਲੇਟ ਜਨਰਲ ਡਾਕਟਰ ਟੀਵੀ ਨਗੇਂਦਰ ਪ੍ਰਸਾਦ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਦੀ ਖਾਲਿਸਤਾਨੀ ਆਗੂ ਨੂੰ ਕਤਲ ਕਰਵਾਏ ਜਾਣ ਦਾ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਹਨ। ਪੋਸਟਰ ਵਿੱਚ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿੱਚ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਨੂੰ ਵੀ ਧਮਕੀ ਦਿੱਤੀ ਗਈ ਹੈ। ਪੋਸਟਰ ਅਨੁਸਾਰ 8 ਜੁਲਾਈ ਨੂੰ ਦੁਪਹਿਰ 12.30 ਵਜੇ ‘ਖਾਲਿਸਤਾਨ ਅਜ਼ਾਦੀ ਰੈਲੀ’ ਕੀਤੀ ਜਾਵੇਗੀ। ਪੋਸਟਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਰੈਲੀ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਤੋਂ ਸ਼ੁਰੂ ਹੋ ਕੇ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਵਿਖੇ ਸਮਾਪਤ ਹੋਵੇਗੀ। ਇਸੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ, ਮੈਥਿਊ ਮਿਲਰ ਨੇ ਇੱਕ ਟਵੀਟ ਰਾਹੀਂ ਸਾਨ ਫਰਾਂਸਿਸਕੋ ਭਾਰਤੀ ਅੰਬੈਸੀ ਦੀ ਭੰਨਤੋੜ ਕਰਨ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਦੀ ਘਟਨਾ ਨੂੰ ਇੱਕ ਅਪਰਾਧਿਕ ਮਾਮਲਾ ਕਰਾਰ ਦਿੱਤਾ ਹੈ। ਉਹਨਾਂ ਟਵੀਟ ਵਿਚ ਲਿਖਿਆ ਹੈ ਕਿ ਅਮਰੀਕਾ ਸ਼ਨੀਵਾਰ ਨੂੰ ਸਾਨ ਫਰਾਂਸਿਸਕੋ ਵਿੱਚ ਭਾਰਤੀ ਦੂਤਘਰ ਦੇ ਖਿਲਾਫ ਕਥਿਤ ਤੌਰ ‘ਤੇ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕਰਦੇ ਹਨ । ਅਮਰੀਕਾ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਵਿਰੁੱਧ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਮਾਮਲਾ ਹੈ। ਸਾਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਘਟਨਾ ਬਾਰੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਕੌਂਸਲੇਟ ਵਿਦੇਸ਼ਾਂ ਵਿੱਚ ਰਹਿ ਰਹੇ ਸਾਡੇ ਦੇਸ਼ ਦੇ ਲੋਕਾਂ ਲਈ ਉਮੀਦ ਦੀ ਕਿਰਨ ਅਤੇ ਇੱਕ ਸਹਾਇਤਾ ਕੇਂਦਰ ਹਨ। ਇਹ ਲੋਕ (ਖਾਲਿਸਤਾਨੀ) ਭਾਰਤ ਅਤੇ ਸਿੱਖਾਂ ਦੇ ਦੁਸ਼ਮਣ ਬਣ ਚੁੱਕੇ ਹਨ। ਉਹ ਆਈਐਸਆਈ ਦੇ ਹੱਥਾਂ ਵਿੱਚ ਖੇਡ ਰਹੇ ਹਨ। ਮੈਂ ਵਿਦੇਸ਼ਾਂ ਦੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਨ੍ਹਾਂ ਲੋਕਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਜਿਸਦਾ 18 ਜੂਨ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਸੀ ਨੂੰ ਭਾਰਤੀ ਏਜੰਸੀਆਂ ਵਲੋਂ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਦਸਦਿਆਂ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ 40 ਹੋਰ ਅਤਵਾਦੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਿਛਲੇ ਸਾਲ ਜੁਲਾਈ 2022 ਵਿੱਚ, ਐਨ ਆਈ ਏ ਨੇ ਨਿੱਝਰ ਦੇ ਸਿਰ ਉਪਰ 10 ਲੱਖ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਸੀ ।