September 19, 2024

PUNJAB

INDIA NEWS

ਬਾਲ ਕਹਾਣੀ-ਸਹੀ ਰਾਹ

ਡੈਨਿਸ ਸ਼ਰਾਰਤੀ ਸੁਭਾਅ ਦਾ ਲੜਕਾ ਸੀ। ਇਕ ਦਿਨ ਅੱਧੀ ਛੁੱਟੀ ਵੇਲੇ ਉਸ ਨੇ ਆਪਣੇ ਜਮਾਤੀ ਚੰਦਨ ਦੇ ਚੂੰਢੀ ਵੱਢ ਦਿੱਤੀ ਤੇ ਫਿਰ ਅੱਗੇ ਦੌੜਨ ਲੱਗਾ। ਚੰਦਨ ਉਸ ਨੂੰ ਫੜਨ ਲਈ ਉਹਦੇ ਪਿੱਛੇ ਦੌੜਿਆ। ਜਿਉਂ ਹੀ ਡੈਨਿਸ ਨੂੰ ਆਪਣੇ ਫੜੇ ਜਾਣ ਦਾ ਡਰ ਹੋਇਆ ਤਾਂ ਉਹ ਇਕਦਮ ਕਿਆਰੀਆਂ ਵਿਚ ਵੜ ਗਿਆ ਤੇ ਉਸ ਨੇ ਕਈ ਬੂਟੇ ਮਿੱਧ ਦਿੱਤੇ। ਕੁਝ ਦੂਰ ਪਰ੍ਹਾਂ ਕੰਮ ਕਰਦੇ ਮਾਲੀ ਇਲਮਦੀਨ ਦੀ ਉਸ ‘ਤੇ ਨਜ਼ਰ ਪਈ ਤਾਂ ਉਸ ਨੇ ਡੈਨਿਸ ਨੂੰ ਝਿੜਕਿਆ। ਡੈਨਿਸ ਨੂੰ ਮਾਲੀ ਇਲਮਦੀਨ ‘ਤੇ ਮਨ ਹੀ ਮਨ ਗੁੱਸਾ ਆ ਰਿਹਾ ਸੀ। ਅਗਲੇ ਦਿਨ ਐਤਵਾਰ ਸੀ। ਡੈਨਿਸ ਨੇ ਮਨ ਹੀ ਮਨ ਇਕ ਅਜੀਬ ਸ਼ਰਾਰਤ ਸੋਚੀ। ਰਾਤ ਪੈ ਗਈ। ਉਹ ਘਰੋਂ ਬਾਹਰ ਨਿਕਲ ਪਿਆ ਤੇ ਸਕੂਲ ਵੱਲ ਚਲਾ ਗਿਆ। ਸਕੂਲ ਦੀ ਕੰਧ ਬਹੁਤੀ ਉੱਚੀ ਨਹੀਂ ਸੀ। ਮੌਕਾ ਤਾੜ ਕੇ ਉਹ ਕੰਧ ‘ਤੇ ਜਾ ਚੜ੍ਹਿਆ ਤੇ ਸਕੂਲ ਅੰਦਰ ਛਾਲ ਮਾਰ ਦਿੱਤੀ। ਉਹ ਫਟਾਫਟ ਲੈਬਾਰਟਰੀ ਕੋਲ ਆਇਆ। ਲੈਬਾਰਟਰੀ ਦੀ ਬਾਹਰਲੀ ਕੰਧ ਕੋਲ ਪਾਣੀ ਵਾਲੀ ਟੂਟੀ ਲੱਗੀ ਹੋਈ ਸੀ। ਉਸ ਨੇ ਟੂਟੀ ਪੂਰੀ ਤਰ੍ਹਾਂ ਖੋਲ੍ਹ ਦਿੱਤੀ। ਫਿਰ ਉਹ ਦੂਜੇ ਪਾਸੇ ਲਾਇਬ੍ਰੇਰੀ ਕੋਲ ਲੱਗੀ ਟੂਟੀ ਕੋਲ ਗਿਆ। ਉਸ ਨੂੰ ਵੀ ਪੂਰਾ ਖੋਲ੍ਹ ਦਿੱਤਾ। ਉਸ ਨੇ ਪਾਣੀ ਦਾ ਰੁਖ਼ ਉਧਰਲੇ ਪਾਸੇ ਕਰ ਦਿੱਤਾ ਜਿੱਧਰ ਇਲਮਦੀਨ ਨੇ ਅੱਜ ਹੀ ਨਿੱਕੇ-ਨਿੱਕੇ ਬੂਟੇ ਲਗਾਏ ਸਨ। ਦੋਵਾਂ ਟੂਟੀਆਂ ਦਾ ਪਾਣੀ ਤੇਜ਼ੀ ਨਾਲ ਉਨ੍ਹਾਂ ਨਿੱਕੀਆਂ-ਨਿੱਕੀਆਂ ਕਿਆਰੀਆਂ ਵੱਲ ਜਾਣ ਲੱਗਾ। ਜਦੋਂ ਡੈਨਿਸ ਘਰ ਆਇਆ ਤਾਂ ਉਹ ਬੜੀ ਗਰਮੀ ਮਹਿਸੂਸ ਕਰ ਰਿਹਾ ਸੀ। ਉਹ ਨਹਾਉਣ ਲਈ ਬਾਥਰੂਮ ਵਿਚ ਜਾ ਵੜਿਆ। ਉਸ ਨੇ ਬਾਲਟੀ ਟੂਟੀ ਹੇਠਾਂ ਰੱਖ ਕੇ ਜਦੋਂ ਟੂਟੀ ਖੋਲ੍ਹੀ ਤਾਂ ਟੂਟੀ ਵਿਚ ਪਾਣੀ ਨਹੀਂ ਸੀ। ਉਸ ਨੂੰ ਜਲ ਸਪਲਾਈ ਵਿਭਾਗ ‘ਤੇ ਗੁੱਸਾ ਆਉਣ ਲੱਗਾ। ਡੈਨਿਸ ਨੂੰ ਗੁੱਸੇ ਵਿਚ ਅਬਾ-ਤਬਾ ਬੋਲਦਿਆਂ ਵੇਖ ਮੰਮੀ ਬੋਲੇ, ‘ਅੱਜ ਆਪਣੇ ਮੁਹੱਲੇ ਵਾਲੀ ਟੈਂਕੀ ਵਾਲੇ ਕਰਮਚਾਰੀ ਕਹਿੰਦੇ ਸਨ ਕਿ ਉਨ੍ਹਾਂ ਦੇ ਮਹਿਕਮੇ ਨੇ ਫੈਸਲਾ ਕੀਤਾ ਹੈ ਕਿ ਹੁਣ ਦਿਨ ਵਿਚ ਦੋ ਵਾਰੀ ਪਾਣੀ ਦਾ ਕੱਟ ਲੱਗਿਆ ਕਰੇਗਾ ਕਿਉਂਕਿ ਧਰਤੀ ਵਿਚੋਂ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਜੇ ਇਸੇ ਤਰ੍ਹਾਂ ਹੀ ਹਾਲਤ ਰਹੀ ਤਾਂ ਬਨਸਪਤੀ ਤੇ ਜੀਵ-ਜੰਤੂ ਤਾਂ ਕੀ, ਮਨੁੱਖ ਵੀ ਪਾਣੀ ਬਿਨਾਂ ਤਰਸ ਕੇ ਰਹਿ ਜਾਵੇਗਾ। ਇਸ ਲਈ ਪਾਣੀ ਦੀ ਇਕ ਤਿੱਪ ਵੀ ਬੇਕਾਰ ਨਹੀਂ ਕਰਨੀ ਚਾਹੀਦੀ।’ ਡੈਨਿਸ ਨੂੰ ਜਾਪਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ ਅਤੇ ਮੰਮੀ ਉਸ ਨੂੰ ਹੀ ਸੁਣਾ ਕੇ ਕਹਿ ਰਹੇ ਹੋਣ। ਉਸ ਨੂੰ ਮਨ ਹੀ ਮਨ ਨਮੋਸ਼ੀ ਆਈ। ਉਸ ਨੇ ਸੋਚਿਆ, ‘ਮੰਮੀ ਦੀ ਗੱਲ ਠੀਕ ਹੈ। ਸਾਡੇ ਸਾਇੰਸ ਵਾਲੇ ਸਰ ਨੇ ਵੀ ਇਕ ਦਿਨ ਇਹ ਦੱਸਿਆ ਸੀ। ਜੇ ਪਾਣੀ ਦੀ ਘਾਟ ਇਸੇ ਤਰ੍ਹਾਂ ਰਹੀ ਤਾਂ ਅਸੀਂ ਕਿਵੇਂ ਜਿੰਦਾ ਰਹਾਂਗੇ ? ਮੈਂ ਗੁੱਸੇ ਵਿਚ ਆ ਕੇ ਗ਼ਲਤ ਰਾਹ ‘ਤੇ ਤੁਰ ਪਿਆ ਸਾਂ, ਮੈਂ ਇਹ ਚੰਗਾ ਨਹੀਂ ਕੀਤਾ।’ਡੈਨਿਸ ਤੇਜ਼ੀ ਨਾਲ ਘਰੋਂ ਨਿਕਲ ਗਿਆ ਤੇ ਸਿੱਧਾ ਸਕੂਲ ਜਾ ਪੁੱਜਾ। ਉਥੇ ਜਾ ਕੇ ਉਸ ਨੇ ਵੇਖਿਆ, ਦੋਵੇਂ ਟੂਟੀਆਂ ਅਜੇ ਵੀ ਚੱਲ ਰਹੀਆਂ ਸਨ। ਪਹਿਲੀਆਂ ਦੋ ਕਿਆਰੀਆਂ ਨੱਕੋ ਨੱਕ ਭਰ ਚੁੱਕੀਆਂ ਸਨ ਅਤੇ ਬੂਟੇ ਡੁੱਬਣੇ ਸ਼ੁਰੂ ਹੋ ਗਏ ਸਨ। ਕੁਝ ਬੂਟੇ ਉਖੜ ਕੇ ਪਾਣੀ ਉਪਰ ਤੈਰ ਰਹੇ ਸਨ। ਡੈਨਿਸ ਨੇ ਸਭ ਤੋਂ ਪਹਿਲਾਂ ਟੂਟੀਆਂ ਬੰਦ ਕੀਤੀਆਂ ਅਤੇ ਫਿਰ ਉਨ੍ਹਾਂ ਬੂਟਿਆਂ ਨੂੰ ਬਚਾਉਣ ਵਾਸਤੇ ਕਿਆਰੀ ਦੀਆਂ ਵੱਟਾਂ ਤੋੜ ਕੇ ਪਾਣੀ ਇਧਰ-ਉਧਰ ਕੱਢ ਦਿੱਤਾ। ਕੁਝ ਉਖੜੇ ਹੋਏ ਬੂਟਿਆਂ ਨੂੰ ਉਸ ਨੇ ਮੁੜ ਕਿਆਰੀ ਵਿਚ ਗੱਡ ਦਿੱਤਾ। ਜਦੋਂ ਡੈਨਿਸ ਘਰ ਆਇਆ ਤਾਂ ਉਸ ਨੂੰ ਬੜੀ ਸੰਤੁਸ਼ਟੀ ਸੀ। ਮੰਮੀ ਦੇ ਪੁੱਛਣ ‘ਤੇ ਉਸ ਸਾਰੀ ਅਸਲੀਅਤ ਦੱਸ ਦਿੱਤੀ। ਮੰਮੀ ਬੋਲੇ, ‘ਡੈਨਿਸ, ਪਹਿਲਾਂ ਤੂੰ ਚੰਗਾ ਕੰਮ ਨਹੀਂ ਸੀ ਕਰ ਕੇ ਆਇਆ ਪਰ ਹੁਣ ਚੰਗਾ ਕੰਮ ਕਰ ਕੇ ਆਇਆ ਏਂ…। ਜੇ ਅੱਜ ਟੂਟੀ ਵਿਚੋਂ ਪਾਣੀ ਨਾ ਜਾਂਦਾ ਤਾਂ ਸ਼ਾਇਦ ਤੈਨੂੰ ਪਾਣੀ ਦੇ ਮਹੱਤਵ ਦਾ ਪਤਾ ਨਾ ਲਗਦਾ…। ਅੱਜ ਦੇ ਜ਼ਮਾਨੇ ਵਿਚ ਪਾਣੀ ਦੀ ਇਕ-ਇਕ ਬੂੰਦ ਕੀਮਤੀ ਏ। ਪਾਣੀ ਕੁਦਰਤ ਦੀ ਵੱਡੀ ਦਾਤ ਏ। ਇਸ ਨੂੰ ਬਚਾਉਣਾ ਸਾਡਿਆਂ ਸਾਰਿਆਂ ਦਾ ਫਰਜ਼ ਏ।’ ‘ਮੰਮੀ, ਅੱਜ ਮੈਨੂੰ ਪਾਣੀ ਦੀ ਕੀਮਤ ਦਾ ਪਤਾ ਲੱਗ ਗਿਆ ਹੈ। ਅੱਗੇ ਤੋਂ ਤੁਹਾਨੂੰ ਕਦੇ ਅਜਿਹੀ ਸ਼ਿਕਾਇਤ ਨਹੀਂ ਮਿਲੇਗੀ।’ ਡੈਨਿਸ ਬੜੇ ਆਤਮ ਵਿਸ਼ਵਾਸ ਨਾਲ ਬੋਲਿਆ। ‘ਮੈਨੂੰ ਤੇਰੇ ਤੋਂ ਇਹੀ ਉਮੀਦ ਏ। ਇਸ ਤਰ੍ਹਾਂ ਕਰ ਕੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਤੋਂ ਸ਼ਰਮਿੰਦਾ ਨਹੀਂ ਹੋਣਾ ਪਵੇਗਾ।’ ਮੰਮੀ ਨੇ ਕਿਹਾ। ‘ਮੰਮੀ, ਪਾਣੀ ਆ ਗਿਐ…?’ ਬਾਥਰੂਮ ਵਿਚ ਟੂਟੀ ਖੋਲ੍ਹਦਿਆਂ ਸਾਰ ਡੈਨਿਸ ਨੇ ਕਿਹਾ। ਡੈਨਿਸ ਨਹਾ ਕੇ ਰੋਟੀ ਖਾਣ ਲੱਗ ਪਿਆ। ਕੁਝ ਦਿਨਾਂ ਬਾਅਦ ਜਦੋਂ ਡੈਨਿਸ ਸਕੂਲ ਜਾ ਰਿਹਾ ਸੀ ਤਾਂ ਉਸ ਨੇ ਸੜਕ ਦੇ ਕਿਨਾਰੇ ‘ਤੇ ਟੂਟੀ ਵਿਚੋਂ ਪਾਣੀ ਫ਼ਜ਼ੂਲ ਵਗਦਾ ਹੋਇਆ ਤੱਕਿਆ। ਉਸ ਨੇ ਟੂਟੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਟੂਟੀ ਖ਼ਰਾਬ ਹੋਈ ਪਈ ਸੀ। ਉਸ ਨੇ ਨੇੜੇ ਹੀ ਪਈ ਇਕ ਲੀਰ ਚੁੱਕੀ ਤੇ ਇਕ ਰੱਸੀ ਨਾਲ ਟੂਟੀ ਨੂੰ ਘੁੱਟ ਕੇ ਬੰਨ੍ਹ ਦਿੱਤਾ ਜਿਸ ਨਾਲ ਪਾਣੀ ਦਾ ਵਗਣਾ ਬੰਦ ਹੋ ਗਿਆ। ‘ਸ਼ਾਬਾਸ਼! ਹੁਣ ਤੂੰ ਸਿਆਣਾ ਬਣ ਗਿਆ ਏਂ…।’ ਚਾਣਚੱਕ ਪਿੱਛੋਂ ਕੋਈ ਆਵਾਜ਼ ਡੈਨਿਸ ਦੇ ਕੰਨੀਂ ਪਈ। ਉਸ ਨੇ ਮੁੜ ਕੇ ਤੱਕਿਆ, ਸਕੂਲ ਦੇ ਪ੍ਰਿੰਸੀਪਲ ਸਾਹਿਬ ਸਨ ਜਿਹੜੇ ਪੈਦਲ ਸਕੂਲ ਆ ਰਹੇ ਸਨ। ਡੈਨਿਸ ਨੂੰ ਲੱਗਾ ਜਿਵੇਂ ਉਹ ਗ਼ਲਤ ਰਾਹ ਤੋਂ ਸਹੀ ਰਾਹ ਉਪਰ ਆ ਗਿਆ ਸੀ।