ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਅਪਣਾਓ ਇਹ ਨੁਕਤੇ

ਜ਼ਿੰਦਗੀ ਜਿਊਣੀ ਵੀ ਇਕ ਕਲਾ ਹੈ। ਦੁੱਖਾਂ ਉੱਪਰ ਜਿੱਤ ਪ੍ਰਾਪਤ ਕਰ ਕੇ ਜੋ ਇਨਸਾਨ ਸੁੱਖ ਪ੍ਰਾਪਤ ਕਰਨ ਵਿਚ ਮਾਹਿਰ ਹੋ ਗਿਆ, ਸਮਝੋ ਕਿ ਉਸ ਨੇ ਜ਼ਿੰਦਗੀ ਜਿਊਣ ਦਾ ਫਾਰਮੂਲਾ ਸਿੱਖ ਲਿਆ। ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ‘ਚ ਦੁੱਖ ਹੈ ਤਾਂ ਸੁੱਖਾਂ ਦੇ ਪਲ ਵੀ ਹਨ। ਸੁੱਖ ਦੀ ਮਸ਼ਾਲ ਜਗਾਈ ਰੱਖਣ ਲਈ ਜ਼ਿੰਦਗੀ ਦੀਆਂ ਔਖੀਆਂ ਘੜੀਆਂ ‘ਚ ਸਦਾ ਹੱਸਦੇ ਮੁਸਕਰਾਉਂਦੇ ਰਹਿਣਾ ਬਹੁਤ ਵੱਡੀ ਕਲਾ ਹੈ। ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਹੇਠਾਂ ਕੁਝ ਨੁਕਤੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਵੀ ਇਨਸਾਨ ਆਪਣੇ-ਆਪ ਵਿਚ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੈ, ਇਸ ਲਈ ਕਿਸੇ ਤੋਂ ਸੰਪੂਰਨਤਾ ਦੀ ਉਮੀਦ ਨਾ ਰੱਖੋ, ਇਥੋਂ ਤੱਕ ਕਿ ਆਪਣੇ ਤੋਂ ਵੀ ਨਹੀਂ। ਆਪਣੇ-ਆਪ ਨੂੰ ਸੰਪੂਰਨ ਬਣਾਉਣਾ ਬੇਹੱਦ ਔਖਾ ਹੈ। ਦਰਅਸਲ ਇਨਸਾਨ ਦੀਆਂ ਆਪਣੀਆਂ ਕਮਜ਼ੋਰੀਆਂ ਹੀ ਉਸ ਨੂੰ ਭਵਿੱਖ ‘ਚ ਮਜ਼ਬੂਤ ਬਣਾਉਂਦੀਆਂ ਹਨ। ਗੱਲ ਕਰਦਿਆਂ ਕਰਦਿਆਂ ਦੂਸਰੇ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰੋ। ਹਮੇਸ਼ਾ ਤੁਸੀਂ ਹੀ ਬੋਲਦੇ ਰਹੇ ਤਾਂ ਤੁਹਾਡਾ ਪ੍ਰਭਾਵ ਖ਼ਤਮ ਹੋਣਾ ਸ਼ੁਰੂ ਹੋ ਜਾਵੇਗਾ। ਦੂਸਰਾ ਵਿਅਕਤੀ ਵਧੀਆ ਗੱਲ ਵੀ ਕਰਨਾ ਚਾਹੁੰਦਾ ਹੋਵੇ ਤਾਂ ਉਹ ਦੱਬ ਕੇ ਹੀ ਰਹਿ ਜਾਂਦਾ ਹੈ।ਕਿਸੇ ਦੀਆਂ ਭੁੱਲੀਆਂ-ਵਿਸਰੀਆਂ ਗ਼ਲਤੀਆਂ ਦਾ ਰੋਣਾ ਲੈ ਕੇ ਨਹੀਂ ਬਹਿ ਜਾਣਾ ਚਾਹੀਦਾ। ਜੋ ਹੋਇਆ, ਉਸ ‘ਤੇ ਮਿੱਟੀ ਪਾ ਦੇਣੀ ਚਾਹੀਦੀ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਦੂਸਰੇ ਦੀਆਂ ਗ਼ਲਤੀਆਂ ਤੋਂ ਕੁਝ ਨਾ ਕੁਝ ਸਿੱਖਿਆ ਜਾਏ ਤਾਂ ਕਿ ਤੁਸੀਂ ਉਹੋ ਜਿਹੀਆਂ ਗ਼ਲਤੀਆਂ ਨਾ ਦੁਹਰਾਓ। ਗ਼ਲਤੀ ਕਰਨ ‘ਤੇ ਮਾਫ਼ੀ ਮੰਗਣਾ ਜਾਂ ਦੂਸਰੇ ਨੂੰ ਮਾਫ਼ ਕਰਨਾ ਬੇਸ਼ੱਕ ਬਹੁਤ ਔਖਾ ਹੈ ਪਰ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਮਨ ਨੂੰ ਜੋ ਚੈਨ ਮਿਲਦਾ ਹੈ, ਉਸ ਨੂੰ ਮਹਿਸੂਸ ਕਰਕੇ ਦੇਖੋ ਤਾਂ ਜ਼ਿੰਦਗੀ ‘ਚ ਕਿਹੋ ਜਿਹਾ ਬਦਲਾਅ ਆਉਂਦਾ ਹੈ। ਅਜਿਹਾ ਕਰਨ ਨਾਲ ਕੁਝ ਘਟਦਾ ਨਹੀਂ ਪਰ ਇਨਸਾਨ ਬਹੁਤ ਕੁਝ ਖੱਟ ਜ਼ਰੂਰ ਲੈਂਦਾ ਹੈ।ਹੱਸਣਾ ਜਾਂ ਮੁਸਕਰਾਉਣ ਦੀ ਕੋਈ ਕੀਮਤ ਨਹੀਂ ਹੈ। ਹੱਸਣ ਨਾਲ ਗੁੱਸੇ ਦੀ ਅੱਗ ਨੂੰ ਵੀ ਸ਼ਾਂਤੀ ਮਿਲਦੀ ਹੈ। ਖ਼ੁਸ਼ ਰਹਿਣ ਵਾਲੇ ਲੋਕਾਂ ਨਾਲ ਆਪਣੇ-ਆਪ ਨੂੰ ਜੋੜ ਕੇ ਦੋਖੋ ਤਾਂ ਦੇਖੋ ਤੁਹਾਡਾ ਮਨ ਅਨੰਦ ਦੀਆਂ ਉੱਚਾਈਆਂ ਨਾਲ ਕਿੱਥੇ ਤੱਕ ਛੂੰਹਦਾ ਹੈ। ਤੁਸੀਂ ਵੀ ਖ਼ੁਸ਼ ਤੇ ਦੂਜਿਆਂ ਨੂੰ ਵੀ ਖ਼ੁਸ਼ੀ ਵੰਡਣ ‘ਚ ਕਾਮਯਾਬ ਹੋਵੋਗੇ। ਹੱਸਣ-ਹਸਾਉਣ ਲਈ ਜਾਂ ਇਕ-ਦੂਸਰੇ ਨਾਲ ਦੁੱਖ-ਸੁੱਖ ਸਾਂਝਾ ਕਰਨ ਲਈ ਤੁਹਾਡੀ ਪੰਜ-ਸੱਤ ਸਾਥੀਆਂ ਨਾਲ ਰੋਜ਼ਾਨਾ ਇਕ ਮੀਟਿੰਗ ਹੋਣੀ ਬਹੁਤ ਜ਼ਰੂਰੀ ਹੈ। ਬਹੁਤੇ ਲੋਕਾਂ ਨੇ ਤਾਂ ਸਵੇਰ ਦੀ ਸੈਰ ਸਮੇਂ ਪੰਜ ਸੱਤ ਸਾਥੀਆਂ ਦਾ ਇਕ ਗਰੁੱਪ ਬਣਾਇਆ ਹੁੰਦਾ ਹੈ, ਜਿਸ ‘ਚ ਉਹ ਰੋਜ਼ਾਨਾ ਜਾ ਕੇ ਖ਼ੂਬ ਹਾਸਾ-ਠੱਠਾ ਕਰਦੇ ਹਨ, ਹਰ ਵਿਸ਼ੇ ‘ਤੇ ਚਰਚਾ ਕਰਦੇ ਹਨ। ਇਕ-ਦੂਸਰੇ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣਦੇ ਹਨ। ਇਸ ਤਰ੍ਹਾਂ ਨਾਲ ਉਹ ਖੁਸ਼ੀ ਭਰਿਆ ਜੀਵਨ ਬਤੀਤ ਕਰਦੇ ਹਨ। ਜੇ ਕੋਈ ਇਨਸਾਨ ਤੁਹਾਨੂੰ ਬਹੁਤ ਪਿਆਰਾ ਹੈ ਅਗਰ ਉਹ ਆਪਣੀਆਂ ਰੁਚੀਆਂ ‘ਚ ਕੋਈ ਤਬਦੀਲੀ ਕਰਦਾ ਹੈ ਤਾਂ ਇਹ ਨਾ ਸੋਚੇ ਕਿ ਉਹ ਬਦਲ ਗਿਆ ਹੈ ਸਗੋਂ ਆਪਣੇ-ਆਪ ਨੂੰ ਉਸ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੋ। ਫਿਰ ਜੋ ਆਦਤਾਂ ਤੁਸੀਂ ਨਹੀਂ ਛੱਡ ਸਕਦੇ ਉਹ ਤੁਹਾਡੇ ਨਾਲ ਉਨ੍ਹਾਂ ਅਨੁਸਾਰ ਹੀ ਢਲਣ ਦੀ ਕੋਸ਼ਿਸ਼ ਕਰੇਗਾ। ਫਿਰ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਤੁਹਾਡੇ ‘ਚ ਕੀ ਤਬਦੀਲੀ ਆਈ ਹੈ। ਇਕ ਬੜਾ ਅਹਿਮ ਨੁਕਤਾ ਹੈ ਕਿ ਹਰ ਵੇਲੇ ਢਲਦੀ ਉਮਰ ਦਾ ਮਖੌਟਾ ਪਹਿਨ ਕੇ ਨਾ ਰੱਖਿਆ ਜਾਵੇ। ਕਦੀ-ਕਦੀ ਬੱਚਿਆਂ ਵਰਗੀਆਂ ਹਰਕਤਾਂ ਵੀ ਜ਼ਿੰਦਗੀ ‘ਚ ਨਵੀਂ ਰੂਹ ਫੂਕ ਦਿੰਦੀਆਂ ਹਨ। ਗੱਲ ਕੀ ਹਰ ਹਰਕਤ ਨੂੰ ਹਾਂ-ਪੱਖੀ ਹੀ ਲਓ। ਨਾਂਹਪੱਖੀ ਤੋਂ ਹਮੇਸ਼ਾ ਦੂਰ ਰਹੋ। ਫਿਰ ਦੇਖੋ ਜ਼ਿੰਦਗੀ ਸਵਰਗ ਬਣਦੀ ਕਿ ਨਹੀਂ। ਸੋਚ ਹਮੇਸ਼ਾ ਉਸਾਰੂ ਹੀ ਰੱਖੋ।