September 19, 2024

PUNJAB

INDIA NEWS

ਅਰਪਨ ਲਿਖਾਰੀ ਸਭਾ ਦੀ ਮੀਟਿੰਗ ਮਾਂ-ਦਿਵਸ ਨੂੰ ਸਮਰਪਿਤ

ਕੈਲਗਰੀ-ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ ਸਹੋਤਾ ਅਤੇ ਸਤਨਾਮ ਸਿੰਘ ਢਾਅ ਦੀ ਪ੍ਰਧਾਨਗੀ ਹੇਠ ਹੋਈ ਜੋ ਮਾਂ-ਦਿਵਸ ਨੂੰ ਸਮਰਪਿਤ ਕੀਤੀ ਗਈ।ਸਭ ਤੋ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ| ਡਾ. ਮਨਮੋਹਨ ਸਿੰਘ ਬਾਠ ਨੇ ਮਈ ਮਹੀਨੇ ਵਿਚ ਜੋਬਨ ਰੁੱਤੇ ਵਿੱਛੜਨ ਵਾਲੇ ਅਲਬੇਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਓਸੇ ਦਰਦ ਦੀ ਤਰਜ਼ ਵਿਚ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ’ ਗਾ ਕੇ ਸ਼ਿਵ ਨੂੰ ਹਾਜ਼ਰ ਕਰ ਦਿੱਤਾ।ਜਰਨੈਲ ਸਿੰਘ ਤੱਗੜ ਨੇ ਮਜ਼ਦੂਰ ਦਿਵਸ (ਮਈ) ਦੇ ਸ਼ਹੀਦਾਂ ਨੂੰ ਯਾਦ ਕੀਤਾ, ਮਾਂ ਪ੍ਰਤੀ ਫ਼ਰਜ਼ਾਂ ਦੀ ਦੁਹਾਈ ਪਾਈ ਅਤੇ ਕਵਿਤਾ ਸੁਣਾਈ। ਜਸਵੀਰ ਸਿਹੋਤਾ ਨੇ ਸੁਰਜੀਤ ਲੀ ਦੀ ਸਾਹਿਤਕ ਦੇਣ ਦੀ ਗੱਲ ਕੀਤੀ ਨਾਲ ਇਕ ਕਵਿਤਾ ਵੀ ਸੁਣਾਈ।ਸ਼ਾਇਰ ਕੇਸਰ ਸਿੰਘ ਨੀਰ ਨੇ ‘ਮੇਰਿਆਂ ਨੈਣਾਂ ਚੋਂ ਭਾਵੇਂ ਡਿੱਗਿਆ ਅੱਥਰ ਨਹੀਂ’ ਗ਼ਜ਼ਲ ਆਪਣੇ ਨਿਰਾਲੇ ਅੰਦਾਜ਼ ਵਿਚ ਪੇਸ਼ ਕੀਤੀ ਡਾ.ਜੋਗਾ ਸਿੰਘ ਸਹੋਤਾ ਨੇ ਵੀ ਸ਼ਿਵ ਦੀ ਗ਼ਜ਼ਲ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ’ ਸੁਣਾ ਕੇ ਸ਼ਿਵ ਸ਼ਾਇਰ ਪ੍ਰਤੀ ਅਕੀਦਾ ਪੇਸ਼ ਕੀਤਾ ਨਾਲ ਹੀ ਹਿੰਦੀ ਗ਼ਜ਼ਲ ‘ਕੁਛ ਨ ਕੁਛ ਤੋ ਜ਼ਰੂਰ ਹੋਨਾ ਹੈ’ ਸੁਣਾਈ । ਸੁਰਿੰਦਰ ਢਿੱਲੋਂ ਨੇ ਕਵਿਤਾ ਅਤੇ ਗ਼ਜ਼ਲ ਦੇ ਫ਼ਰਕ ਨੂੰ ਪਰਖਿਆ ਅਤੇ ਆਪਣੇ ਤਜਰਬੇ ਵਿੱਚੋਂ ਹਵਾਈ ਜਹਾਜ਼ ਦੀ ਉਡਾਣ ਦੇ ਕੰਟਰੋਲ ਦੀ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ।ਇਕਬਾਲ ਖ਼ਾਨ ਨੇ ਆਪਣੀ ਜੇਲ੍ਹ ਯਾਤਰਾ ਦੇ ਅਨੁਭਵ ਸਾਂਝੇ ਕਰਦਿਆਂ ਕਪੂਰਥਲੇ ਦੀ ਜੇਲ੍ਹ ਅੰਦਰ ਕੰਧ ਉਪਰ ਸੂਏ ਨਾਲ ਝਰੀਟਾਂ ਪਾ ਕੇ ਲਿਖੀ ਕਵਿਤਾ ‘ਜਦੋਂ ਸਾਥੀਆਂ ਤੋਂ ਮੈਂ ਦੂਰ ਹੋਇਆ ਤੇ ਹੋਇਆ ਕੋਠੜੀ ਦੇ ਵਿਚ ਬੰਦ ਯਾਰੋ, ਪੜ੍ਹਦਾ ਸ਼ੇਅਰ ਹਾਂ ਜਦੋਂ ਇਨਕਲਾਬੀਆਂ ਦੇ ਹੋਵੇ ਹੌਂਸਲਾ ਮੇਰਾ ਬੁਲੰਦ ਯਾਰੋ’ ਸੁਣਾਈ।ਪਰਮਜੀਤ (ਪੈਰੀ) ਮਾਹਲ ਨੇ ਮਾਂ ਦੇ ਨਾ ਭੁਲਾਏ ਜਾਣ ਵਾਲੇ ਯੋਗਦਾਨ ਦੀ ਗੱਲ ਕੀਤੀ ਅਤੇ ਸਿੱਖ ਨੌਜਵਾਨਾਂ ਅੰਦਰ ਆ ਰਹੇ ਗ਼ਲਤ ਰੁਝਾਨਾਂ ਬਾਰੇ ਚਿੰਤਾਜਨਕ ਲੇਖ ਪੜ੍ਹਿਆ। ਗੁਰਦਿਲਰਾਜ ਸਿੰਘ ਦਾਨੇਵਾਲੀਆ ਨੇ ਅੱਜ ਦੇ ਸਮੇਂ ਵਿਚ ਬੱਚਿਆਂ ਅਤੇ ਮਾਂ ਦਰਮਿਆਨ ਆ ਰਹੀ ਦੂਰੀ ਤੇ ਚਿੰਤਾ ਜਤਾਈ। ਸਤਨਾਮ ਸਿੰਘ ਢਾਅ ਨੇ ਮਾਤਾ ਗੁਜਰੀ ਜੀ ਨੂੰ ਆਦਰਸ਼ ਮਾਂ ਦਾ ਦਰਜਾ ਦਿੰਦੀ ਕਵੀਸ਼ਰੀ ‘ਇਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਾ ਕੋਈ’ ਜੋਗਾ ਸਿੰਘ ਜੋਗੀ ਦੀ ਲਿਖੀ ਕਵਿਤਾ ਸੁਣਾ ਕੇ ਕੈਲਗਰੀ ਦੇ ਕਵੀਸ਼ਰਾਂ ਵਿਚ ਇੱਕ ਹੋਰ ਕਵੀਸ਼ਰ ਦਾ ਵਾਧਾ ਕਰ ਦਿੱਤਾ।ਜਗਦੇਵ ਸਿੰਘ ਸਿੱਧੂ ਨੇ ਆਪਣੀ ਭਾਵੁਕਤਾ-ਪੂਰਨ ਕਵਿਤਾ ‘ਮਾਂ ਮੈਂ ਤੈਨੂੰ ਯਾਦ ਕਰਾਂ, ਮੇਰੇ ਨੈਣੋਂ ਨੀਰ ਵਹੇ’ ਵਿਲੱਖਣ ਪੇਸ਼ਕਾਰੀ ਰਾਹੀਂ ਮਾਂ ਨੂੰ ਯਾਦ ਕਰਕੇ ਹਾਜ਼ਰੀਨ ਦੇ ਨੈਣ ਸਿੱਲ੍ਹੇ ਕਰ ਦਿੱਤੇ। ਜਨਰਲ ਸਕੱਤਰ ਅਤੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰਾਹੀਂ ‘ਟਿੱਡੀ ਦਲ ਖਾਂਦਾ ਹੈ ਕੇਵਲ,ਦਿਸਦੀ ਜੋ ਹਰਿਆਲੀ, ਲੀਡਰ ਖਾਣ ਜੜ੍ਹਾਂ ਤੋਂ ਜੀ, ਪਿੱਪਲ਼ ਬੋਹੜ ਬੇਰੀਆਂ ਟਾਹਲੀ’ ਅਜੋਕੇ ਹਾਲਾਤ ਤੇ ਤਕੜੀ ਟਕੋਰ ਲਾਈ।ਇਨ੍ਹਾਂ ਤੋਂ ਇਲਾਵਾ ਸੁਖਦੇਵ ਢਾਅ ਅਤੇ ਅਵਤਾਰ ਕੌਰ ਤੱਗੜ ਇਸ ਸਾਹਿਤਕ ਚਰਚਾ ਵਿਚ ਹਿੱਸਾ ਲਿਆ।