ਨਵੰਬਰ 1984 ‘ਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਜਲੀ ਭੇਟ

ਕੈਲਗਰੀ,–ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ‘ਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਜਲੀ ਭੇਟ ਕੀਤੀ ਗਈ | ਇਸ ਸਮੇਂ ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਨੇ ਮੌਕੇ ਦੀਆਂ ਸਰਕਾਰਾਂ ਵਲੋਂ ਸ਼ਹੀਦ ਪਰਿਵਾਰਾਂ ਨੂੰ ਕੋਈ ਵੀ ਸਹਾਇਤਾ ਨਾ ਦੇਣ ਕਰਕੇ ਸਰਕਾਰਾਂ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ 38 ਸਾਲ ਹੋ ਗਏ ਹਨ, ਸ਼ਹੀਦ ਪਰਿਵਾਰਾਂ ਨੂੰ ਬੇਘਰੇ ਹੋਇਆਂ,ਅਜੇ ਤੱਕ ਕੋਈ ਵੀ ਨਿਆਂ ਨਹੀਂ ਮਿਲਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਵਾਹਿਗੁਰੂ ਦਾ ਜਾਪ ਕੀਤਾ ਗਿਆ | ਅਖੀਰ ‘ਚ ਪ੍ਰਬੰਧਕ ਕਮੇਟੀ ਵਲੋਂ ਮੌਕੇ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸ਼ਹੀਦ ਸਿੱਖ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ | ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 1984 ਦੇ ਸਿੱਖ ਕਤਲੇਆਮ ‘ਚ ਮਾਰੇ ਗਏ ਸਿੱਖਾਂ ਦੀ ਯਾਦ ‘ਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ | ਇਸ ਸਮੇਂ ਭਾਈ ਬਲਜਿੰਦਰ ਸਿੰਘ ਗਿੱਲ ਪ੍ਰਧਾਨ, ਪ੍ਰਦੀਪ ਸਿੰਘ ਬੈਨੀਪਾਲ ਸਕੱਤਰ ਸਮੇਤ ਭਾਈਚਾਰੇ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |