September 19, 2024

PUNJAB

INDIA NEWS

ਨੈਨੀਤਾਲ ’ਚ ਫਟਿਆ ਬੱਦਲ, ਰਾਮਨਗਰ ’ਚ ਮਕਾਨ ਡਿੱਗਣ ਕਾਰਨ 24 ਲੋਕਾਂ ਦੀ ਮੌਤ

ਉੱਤਰਾਖੰਡ ’ਚ ਬੀਤੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਦੇ ਇਕ ਪਿੰਡ ’ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਕਈ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦੀ ਸੰਭਾਵਨਾ ਹੈ। ਨੈਨੀਤਾਲ ਐੱਸਐੱਸਪੀ ਪ੍ਰੀਤੀ ਪ੍ਰੀਅਦਸ਼ਰਿਨੀ ਨੇ ਦੱਸਿਆ, ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ’ਚ ਜਿਥੇ ਬੱਦਲ ਫਟਿਆ ਸੀ, ਉਥੋਂ ਕੁਝ ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਹੈ, ਉਨ੍ਹਾਂ ਅਸਲ ਸੰਖਿਆ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।

ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਬਲਾਕ ਦੇ ਇਕ ਪਿੰਡ ’ਚ ਮਕਾਨ ਧਸਣ ਨਾਲ 10 ਲੋਕਾਂ ਦੀ ਮੌਤ ਦੀ ਖ਼ਬਰ ਹੈ। ਧਾਰੀ ਤਹਿਸੀਲ ਦੇ ਚੌਖੁਟਾ ਪਿੰਡ ’ਚ ਜ਼ਮੀਨ ਖਿਸਕਣ ਨਾਲ ਮਕਾਨ ’ਚ ਇਕ ਹੀ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਗ੍ਰਾਮ ਪ੍ਰਧਾਨ ਨੇ ਇਸਦੀ ਪੁਸ਼ਟੀ ਕੀਤੀ ਹੈ। ਰਸਤੇ ’ਚ ਥਾਂ-ਥਾਂ ਮਲਬਾ ਆਉਣ ਕਾਰਨ ਮੌਕੇ ’ਤੇ ਹਾਲੇ ਪ੍ਰਸ਼ਾਸਨ ਜਾਂ ਐੱਸਡੀਆਰਐੱਫ ਦੀ ਟੀਮ ਨਹੀਂ ਪਹੁੰਚ ਸਕੀ ਹੈ। ਉਥੇ ਹੀ ਰਾਮਨਗਰ ਦੇ ਇਕ ਰਿਸਾਰਟ ’ਚ ਪਾਣੀ ਵੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸਾਰਟ ਅੰਦਰ ਕਰੀਬ ਸੌਂ ਲੋਕ ਫਸੇ ਹਨ। ਦੱਸਿਆ ਜਾ ਰਿਹਾ ਹੈ ਕਿ ਰਿਜ਼ਾਰਟ ‘ਚ ਕੋਸੀ ਨਦੀ ਦਾ ਪਾਣੀ ਆਉਣ ਕਾਰਨ ਲੋਕ ਉਥੇ ਫਸ ਗਏ ਹਨ।

ਭੀਮਤਾਲ ’ਚ ਮਕਾਨ ਢਹਿਣ ਕਾਰਨ ਇਕ ਬੱਚਾ ਮਲਬੇ ਹੇਠ ਆ ਗਿਆ। ਅਲਮੋੜਾ ਜ਼ਿਲ੍ਹੇ ’ਚ ਇਕ ਮਕਾਨ ’ਤੇ ਪਹਾੜੀ ਦਾ ਮਲਬਾ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਲਮੋੜਾ ਨਗਰ ’ਚ ਵੀ ਮਕਾਨ ਦੀ ਕੰਧ ਡਿੱਗਣ ਕਾਰਨ ਕਿਸ਼ੋਰੀ ਦੀ ਦਬ ਕੇ ਮੌਤ ਹੋ ਗਈ। ਬਾਗੇਸ਼ਵਰ ਜ਼ਿਲ੍ਹੇ ’ਚ ਪਹਾੜੀ ਤੋਂ ਡਿੱਗੇ ਪੱਥਰ ਦੀ ਲਪੇਟ ’ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ 24 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਨੈਨੀਤਾਲ ਦਾ ਸੰਪਰਕ ਦੇਸ਼-ਦੁਨੀਆ ਤੋਂ ਕਟ ਗਿਆ ਹੈ। ਕਾਠਗੋਦਾਮ ਰੇਲਵੇ ਸਟੇਸ਼ਨ ਦੀਆਂ ਪਟੜੀਆਂ ਗੌਲਾ ਨਦੀ ’ਚ ਵਹਿ ਗਈਆਂ ਹਨ। ਜਿਸ ਕਾਰਨ ਟ੍ਰੇਨਾਂ ਦਾ ਸੰਚਾਲਨ ਬੰਦ ਕਰ ਦਿੱਤਾ ਹੈ। ਪਹਾੜ ਦੇ ਕਈ ਮਾਰਗ ਮਲਬਾ ਆਉਣ ਕਾਰਨ ਬੰਦ ਹੋ ਗਏ ਹਨ।