ਲੰਡਨ- ਕੋਰੋਨਾ ਇਨਫੈਕਸ਼ਨ ਸਬੰਧੀ ਕੀਤੇ ਗਏ ਇਕ ਅਧਿਐਨ ’ਚ ਸਾਹਮਣੇ ਆਈ ਜਾਣਕਾਰੀ ਕੁਝ ਚਿੰਤਾ ਵਧਾਉਣ ਵਾਲੀ ਹੈ। ਇਸ ਦੇ ਮੁਤਾਬਕ ਕੋਰੋਨਾ ਦਾ ਹਰ 10ਵੀਂ ਮਰੀਜ਼ 10 ਦਿਨ ਦੇ ਕੁਆਰੰਟਾਈਨ ਤੋਂ ਬਾਅਦ ਵੀ ਇਨਫੈਕਸ਼ਨ ਫੈਲਾ ਸਕਦਾ ਹੈ। ਇਸ ਖੋਜ ਦੌਰਾਨ ਜਾਂਚ ਦਾ ਅਜਿਹਾ ਤਰੀਕਾ ਅਪਣਾਇਆ ਗਿਆ ਜਿਸ ਨਾਲ ਇਹ ਪਤਾ ਲੱਗਾ ਸਕੇ ਕਿ ਕੀ ਠੀਕ ਹੋ ਚੁੱਕੇ ਮਰੀਜ਼ਾਂ ’ਚ ਵੀ ਵਾਇਰਸ ਸਰਗਰਮ ਰਹਿੰਦਾ ਹੈ। ਇਹ ਪ੍ਰੀਖਣ ਬਰਤਾਨੀਆ ਦੇ ਐਕਸੇਟਰ ’ਚ 176 ਲੋਕਾਂ ਦੇ ਨਮੂਨਿਆਂ ’ਤੇ ਕੀਤਾ ਗਿਆ ਜੋ ਪੀਸੀਆਰ ਟੈਸਟ ’ਚ ਇਨਫੈਕਟਿਡ ਪਾਏ ਗਏ ਸਨ। ਇਸ ਖੋਜ ਦਾ ਅਧਿਐਨ ਹਾਲ ਹੀ ’ਚ ਇੰਟਰਨੈਸ਼ਨਲ ਜਰਨਲ ਆਫ ਇਨਫੈਕਸ਼ਨ ਡਿਜੀਜ਼ ’ਚ ਹੋਇਆ ਸੀ। ਖੋਜਕਰਤਾਵਾਂ ਨੇ ਪਾਇਆ ਕਿ 13 ਫ਼ੀਸਦੀ ਲੋਕਾਂ ’ਚ ਇਨਫੈਕਸ਼ਨ ਦੇ 10 ਦਿਨ ਬਾਅਦ ਵੀ ਮੈਡੀਕਲ ਮਾਪਦੰਡਾਂ ਦੇ ਹਿਸਾਬ ਨਾਲ ਏਨੀ ਮਾਤਰਾ ’ਚ ਵਾਇਰਸ ਬਚਿਆ ਸੀ ਕਿ ਉਹ ਦੂਜਿਆਂ ਨੂੰ ਇਨਫੈਕਟਿਡ ਕਰ ਸਕਦੇ ਸਨ। ਕੁਝ ਲੋਕਾਂ ’ਚ 68 ਦਿਨ ਤਕ ਵਾਇਰਸ ਦੀ ਉਕਤ ਮਾਤਰਾ ਪਾਈ ਗਈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਨ੍ਹਾਂ ਖੇਤਰਾਂ ’ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਪ੍ਰੀਖਣ ਦਾ ਇਹ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਜੋਖ਼ਮ ਵਾਲੇ ਲੋਕ ਹੋਣ। ਯੂਨੀਵਰਸਿਟੀ ਆਫ ਐਕਸੇਟਰ ਮੈਡੀਕਲ ਸਕੂਲ ਦੇ ਪ੍ਰੋਫੈਸਰ ਲੋਰਨਾ ਹੈਰਿਸ ਕਹਿੰਦੇ ਹਨ ਕਿ ਉਨ੍ਹਾਂ ਦੇ ਅਧਿਐਨ ਦਾ ਆਕਾਰ ਛੋਟਾ ਸੀ ਪਰ ਉਸਦੇ ਨਤੀਜੇ ਦੱਸਦੇ ਹਨ ਕਿ ਕੁਝ ਮਰੀਜ਼ਾਂ ’ਚ 10 ਦਿਨ ਬਾਅਦ ਵੀ ਵਾਇਰਸ ਸਰਗਰਮ ਰਹਿੰਦਾ ਹੈ ਜੋ ਅੱਗੇ ਪ੍ਰਸਾਰ ਦਾ ਸੰਭਾਵਿਤ ਖ਼ਤਰਾ ਬਣ ਸਕਦਾ ਹੈ।
ਭਾਰਤ ’ਚ ਦੂਸਰੀ ਲਹਿਰ ’ਚ ਪ੍ਰਭਾਵਿਤ ਲੋਕਾਂ ਦੇ ਉਭਰਨ ’ਚ ਲੱਗ ਰਿਹੈ ਲੰਬਾ ਸਮਾਂ
ਨਿਊਜ਼ ਏਜੰਸੀ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਮਾਹਿਰਾਂ ਨੇ ਕਿਹਾ ਕਿ ਭਾਰਤ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਜੋ ਲੋਕ ਵੀ ਇਨਫੈਕਟਿਡ ਹੋਏ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ’ਚ ਲੰਬੇ ਸਮੇਂ ਤਕ ਬਿਮਾਰੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੁਝ ਮਾਮਲਿਆਂ ’ਚ ਤਾਂ ਸਾਲ ਭਰ ਤੋਂ ਵੱਧ ਸਮਾਂ ਪੂਰੀ ਤਰ੍ਹਾਂ ਨਾਲ ਉਭਰਨ ’ਚ ਲੱਗ ਸਕਦਾ ਹੈ। ਜ਼ਿਆਦਾਤਰ ਮਰੀਜ਼ਾਂ ’ਚ ਕਮਜ਼ੋਰੀ, ਥਕਾਵਟ, ਜੋੜਾਂ ਦਾ ਦਰਦ ਤੇ ਮਾਨਸਿਕ ਉਲਝਣ ਵਰਗੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਫੇਫੜਿਆਂ ’ਚ ਗੰਭੀਰ ਇਨਫੈਕਸ਼ਨ ਦੀਆਂ ਸ਼ਿਕਾਇਤਾਂ ਜ਼ਿਆਦਾ
ਨਵੀਂ ਦਿੱਲੀ ਸਥਿਤ ਇੰਦਰਪ੍ਰਸਥ ਓਪੋਲੋ ਹਸਪਤਾਲ ਦੇ ਡਾਕਟਰਾਂ ਮੁਤਾਬਕ ਦੂਸਰੀ ਲਹਿਰ ’ਚ ਜੋ ਲੋਕ ਪ੍ਰਭਾਵਿਤ ਹੋਏ ਸਨ ਉਨ੍ਹਾਂ ’ਚ ਹਾਈ ਬਲੱਡ ਪ੍ਰੈਸ਼ਰ, ਡਾਇਰੀਆ ਤੇ ਫੇਫੜਿਆਂ ’ਚ ਗੰਭੀਰ ਇਨਫੈਕਸ਼ਨ ਦੇ ਲੱਛਣ ਪਾਏ ਜਾ ਰਹੇ ਹਨ। ਉਨ੍ਹਾਂ ਮੁਤਾਬਕ ਪੀੜਤ ਪਾਏ ਜਾਣ ਤੋਂ ਇਕ ਸਾਲ ਬਾਅਦ ਵੀ ਕਈ ਮਰੀਜ਼ਾਂ ਦੇ ਠੀਕ ਹੋਣ ਦੀ ਰਾਹ ਸੌਖੀ ਨਹੀਂ ਦਿਖ ਰਹੀ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ’ਚ ਚਾਰ ਗੁਣਾ ਜ਼ਿਆਦਾ ਕਮਜ਼ੋਰ ਤੇ ਥਕਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਹਸਪਤਾਲ ਦੇ ਟਰਾਂਸਪਲਾਂਟ ਤੇ ਕੋਰੋਨਾ ਟੀਮ ਦੇ ਮੁਖੀ ਡਾ. ਐੱਮਐੱਸ ਕੰਵਰ ਮੁਤਾਬਕ ਪਹਿਲੀ ਲਹਿਰ ਦੇ ਮੁਕਾਬਲੇ ਦੂਸਰੀ ਲਹਿਰ ’ਚ ਇਨਫੈਕਟਡ ਅਜਿਹੇ ਮਰੀਜ਼ਾਂ ਦੀ ਗਿਣਤੀ ਚਾਰ ਗੁਣਾ ਜ਼ਿਆਦਾ ਹੈ ਜਿਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਪੁਰਸ਼ਾਂ ’ਚ ਜ਼ਿਆਦਾਤਰ ਫੇਫੜਿਆਂ ਦੀ ਇਨਫੈਕਸ਼ਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਕਮਜ਼ੋਰੀ ਤੇ ਥਕਾਨ ਦੇ ਨਾਲ ਹੀ ਸਿਰ ਦਰਦ ਦੀ ਸ਼ਿਕਾਇਤ ਵੀ ਆਮ ਹੈ। ਔਰਤਾਂ ’ਚ ਵਾਲ ਝੜਨ ਦੀ ਸ਼ਿਕਾਇਤ ਹੈ।