ਆਬੂਧਾਬੀ ’ਚ ਮਾਰੇ ਗਏ ਦੋਵਾਂ ਭਾਰਤੀਆਂ ਦੇ ਪਰਿਵਾਰਾਂ ਦੀ ਮਦਦ ਕਰੇਗਾ ਭਾਰਤ, ਭਾਰਤੀ ਰਾਜਦੂਤ ਨੇ ਦਿੱਤਾ ਭਰੋਸਾ

ਦੁਬਈ- ਭਾਰਤ ਨੇ ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) ਦੀ ਰਾਜਧਾਨੀ ਆਬੂਧਾਬੀ ’ਚ ਸੋਮਵਾਰ ਨੂੰ ਹਾਊਤੀ ਬਾਗ਼ੀਆਂ ਦੇ ਡ੍ਰੋਨ ਹਮਲੇ ’ਚ ਮਾਰੇ ਗਏ ਦੋਵਾਂ ਭਾਰਤੀਆਂ ਦੇ ਪਰਿਵਾਰਾਂ ਨੂੰ ਹਰ ਮੁਮਕਿਨ ਮਦਦ ਦਾ ਭਰੋਸਾ ਦਿੱਤਾ ਹੈ। ਹਵਾਈ ਅੱਡੇ ਨੇੜੇ ਹੋਏ ਹਮਲੇ ਤੋਂ ਬਾਅਦ ਤੇਲ ਟੈਂਕਰਾਂ ’ਚ ਕਈ ਧਮਾਕੇ ਹੋਏ ਸਨ, ਜਿਨ੍ਹਾਂ ’ਚ ਦੋ ਭਾਰਤੀ ਇਕ ਪਾਕਿਸਾਤਨੀ ਨਾਗਰਿਕ ਦੀ ਮੌਤ ਹੋ ਗਈ ਸੀ। ਛੇ ਜ਼ਖ਼ਮੀਆਂ ’ਚ ਵੀ ਦੋ ਭਾਰਤ ਹਨ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਦੇਰ ਰਾਤ ਛੁੱਟੀ ਦੇ ਦਿੱਤੀ ਗਈ ਸੀ।

ਦਿ ਨੈਸ਼ਨਲ ਅਖ਼ਬਾਰ ਨਾਲ ਗੱਲ ਕਰਦੇ ਹੋਏ ਯੂਏਈ ’ਚ ਭਾਰਤ ਦੇ ਰਾਜਦੂਤ ਸੁੰਜਯ ਸੁਧੀਰ ਨੇ ਕਿਹਾ ਕਿ ਭਾਰਤ ਸਰਕਾਰ ਹਮਲੇ ’ਚ ਮਾਰੇ ਗਏ ਆਪਣੇ ਨਾਗਰਿਕਾਂ ਦੇ ਪਰਿਵਾਰਾਂ ਨੂੰ ਹਰ ਮੁਮਕਿਨ ਮਦਦ ਮੁਹੱਈਆ ਕਰਵਾਏਗੀ। ਦੂਤਘਰ ਉਨ੍ਹਾਂ ਦੇ ਸੰਪਰਕ ’ਚ ਹੈ। ਹਾਲਾਂਕਿ, ਦੂਤਘਰ ਨੇ ਮਾਰੇ ਗਏ ਲੋਕਾਂ ਦੇ ਨਾਵਾਂ ਦਾ ਐਲਾਨ ਹੁਣ ਤਕ ਨਹੀਂ ਕੀਤਾ

ਕਾਬਿਲੇਗੌਰ ਹੈ ਕਿ ਯੂਏਈ 2015 ’ਚ ਯਮਨ ਦੇ ਹਾਊਤੀ ਬਾਗ਼ੀਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਲੜਾਈ ’ਚ ਸਾਊਦੀ ਦੀ ਅਗਵਾਈ ਵਾਲੀ ਫ਼ੌਜ ਦਾ ਹਿੱਸਾ ਹੈ। ਹਾਊਤੀ ਬਾਗ਼ੀ ਵੀ ਅਕਸਰ ਸਾਊਦੀ ਅਰਬ ਤੇ ਯੂਏਈ ’ਤੇ ਡ੍ਰੋਨ ਤੇ ਮਿਜ਼ਾਈਲ ਨਾਲ ਹਮਲੇ ਕਰਦੇ ਰਹਿੰਦੇ ਹਨ। ਯੂਏਈ ਦੇ ਤੇਲ ਗੋਦਾਮ ਤੇ ਹਵਾਈ ਅੱਡੇ ਦੇ ਇਕ ਹਿੱਸੇ ’ਤੇ ਸੋਮਵਾਰ ਹੋਇਆ ਡ੍ਰੋਨ ਹਮਲਾ ਵੀ ਇਸੇ ਲੜਾਈ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਦੁਨੀਆ ਭਰ ਨੇ ਹਾਊਤੀ ਬਾਗ਼ੀਆਂ ਦੇ ਹਮਲੇ ਦੀ ਕੀਤੀ ਨਿੰਦਾ

ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਨੇ ਆਬੂਧਾਬੀ ਦੇ ਕ੍ਰਾਊਨ ਪਿ੍ਰੰਸ ਤੇ ਯੂਏਈ ਦੀ ਫ਼ੌਜ ਦੇ ਉਪ ਸਰਬਉੱਚ ਕਮਾਂਡਰ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਗੱਲ ਕੀਤੀ ਤੇ ਘਟਨਾ ’ਤੇ ਦੁੱਖ ਪ੍ਰਗਟਾਇਆ। ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਨੇ ਕਿਹਾ ਕਿ ਆਬੂਧਾਬੀ ਸਥਿਤ ਨੈਸ਼ਨਲ ਆਇਲ ਕੰਪਨੀ ਦੇ ਗੋਦਾਮ ਤੇ ਹਵਾਈ ਅੱਡੇ ’ਤੇ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਰਡਨ ਦੇ ਰਾਜਾ ਅਬਦੁੱਲਾ ਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਫੋਨ ’ਤੇ ਗੱਲ ਕੀਤੀ ਤੇ ਘਟਨਾ ’ਤੇ ਦੁੱਖ ਪ੍ਰਗਟਾਇਆ।