September 19, 2024

PUNJAB

INDIA NEWS

ਚੋਣ ਕਮਿਸ਼ਨ ਨੇ ਡਿਜੀਟਲ ਪ੍ਰਚਾਰ ‘ਤੇ ਖਰਚ ਦੱਸਣ ਲਈ ਨਵਾਂ ਕਾਲਮ ਜੋੜਿਆ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਡਿਜੀਟਲ ਪ੍ਰਚਾਰ ‘ਤੇ ਹੋਣ ਵਾਲੇ ਖਰਚ ਦੀ ਜਾਣਕਾਰੀ ਦੇਣ ਲਈ ਉਮੀਦਵਾਰਾਂ ਦੇ ਚੋਣ ਖਰਚ ਵਾਲੇ ਖੇਤਰ ‘ਚ ਇਕ ਨਵਾਂ ਕਾਲਮ ਜੋੜਿਆ ਹੈ। ਉਮੀਦਵਾਰ ਪਿਛਲੀਆਂ ਚੋਣਾਂ ‘ਚ ਵੀ ਡਿਜੀਟਲ ਖਰਚ ਕਰਦੇ ਸੀ ਪਰ ਇਸ ਵਾਰ ਅਜਿਹੇ ਖਰਚਿਆਂ ਦਾ ਵੇਰਵਾ ਦੇਣ ਲਈ ਇਕ ਵੱਖਰੀ ਤਰ੍ਹਾਂ ਦਾ ਕਾਲਮ ਬਣਾਇਆ ਗਿਆ ਹੈ। ਕੋਰੋਨਾ ਦੇ ਮਾਮਲਿਆਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ 22 ਜਨਵਰੀ ਤਕ ਰੈਲੀਆਂ, ਰੋਡ ਸ਼ੋਅ ਤੇ ਇਸ ਤਰ੍ਹਾਂ ਦੇ ਹੀ ਹੋਰ ਪ੍ਰਚਾਰ ਪ੍ਰੋਗਰਾਮਾਂ ‘ਤੇ ਪਾਬੰਦੀ ਲਗਾਈ ਹੋਈ ਹੈ।
ਕੋਰੋਨਾ ਕਾਰਨ ਚੋਣ ਰੈਲੀਆਂ ‘ਤੇ ਪਾਬੰਦੀ
ਇਸ ਪਾਬੰਦੀ ਕਾਰਨ ਪਾਰਟੀਆਂ ਵੋਟਰਾਂ ਤਕ ਪਹੁੰਚਣ ਲਈ ਡਿਜੀਟਲ ਤੇ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰ ਰਹੀਆਂ ਹਨ। ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਤੇ ਮਨੀਪੁਰ ‘ਚ ਪਹਿਲੀ ਵਾਰ ਚੋਣਾਂ ਦੇ ਰਿਟਰਨ ਦੇ ਸਰੂਪ ‘ਚ ਬਦਲਾਅ ਕਰ ਕੇ ਨਵਾਂ ਕਾਲਮ ਬਣਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਾਰਟੀਆਂ ਤੇ ਉਮੀਦਵਾਰ (ਹੁਣ ਤਕ) ਇਸ ਖਰਚ ਦੀ ਜਾਣਕਾਰੀ ਆਪ ਦਿੰਦੇ ਸੀ। ਡਿਜੀਟਲ ਵੈਨ ਵਰਗੀਆਂ ਚੀਜ਼ਾਂ ‘ਤੇ ਖਰਚ ਦਾ ਬਿਓਰਾ ਦਿੰਦੇ ਸੀ। ਇਸ ਸ਼੍ਰੇਣੀ ਤਹਿਤ ਖਰਚ ਦਿਖਾਉਂਦੇ ਸੀ। ਹੁਣ ਇਨ੍ਹਾਂ ਚੋਣਾਂ ‘ਚ ਅਜਿਹੇ ਖਰਚ ਦਰਜ ਕਰਨ ਲਈ ਇਕ ਕਾਲਮ ਬਣਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਮੀਦਵਾਰਾਂ ਤੇ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ।