ਚੇਨਈ ’ਚ ਇਕ ਜ਼ੋਮੈਟੋ ਗਾਹਕ ਨੇ ਦੋਸ਼ ਲਾਇਆ ਹੈ ਕਿ ਕੰਪਨੀ ਦੇ ਇਕ ਮੁਲਾਜ਼ਮ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਉਸ ਨਾਲ ਬਹਿਸ ਕੀਤੀ। ਗਾਹਕ ਨੇ ਇਸ ਬਹਿਸ ਦੀ ਚੈਟ ਸਕਰੀਨ ਸ਼ਾਟ ਟਵਿੱਟਰ ’ਤੇ ਸ਼ੇਅਰ ਕਰ ਦਿੱਤੀ, ਜਿਸ ਤੋਂ ਬਾਅਦ ਖੁਦ ਜ਼ੋਮੈਟੋ ਨੇ ਜਨਤਕ ਤੌਰ ’ਤੇ ਮਾਫੀ ਮੰਗੀ ਤੇ ਨਾਲ ਹੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਇਸ ਤੋਂ ਬਾਅਦ ਫਿਰ ਤੋਂ ਉਸ ਨੂੰ ਨੌਕਰੀ ’ਤੇ ਬਹਾਲ ਕਰ ਲਿਆ। ਆਓ ਜਾਣਦੇ ਹਾਂ ਪੂਰਾ ਮਾਮਲਾ
ਦਰਅਸਲ ਵਿਕਾਸ ਨਾਂ ਦੇ ਸ਼ਖ਼ਸ ਨੇ ਟਵਿੱਟਰ ’ਤੇ ਜ਼ੋਮੈਟੋ ਦੇ ਮੁਲਾਜ਼ਮਾਂ ਨਾਲ ਆਪਣੀ ਗੱਲਬਾਤ ਦੇ ਸਕਰੀਨ ਸ਼ਾਟ ਟਵੀਟ ਕੀਤੇ। ਵਿਕਾਸ ਨੂੰ ਆਪਣਾ ਆਰਡਰ ਰਿਸੀਵ ਕਰਨ ਵਿਚ ਸਮੱਸਿਆ ਹੋ ਰਹੀ ਸੀ, ਜਿਸ ਲਈ ਉਸ ਨੇ ਮੁਲਾਜ਼ਮ ਨੂੰ ਰੈਸਟੋਰੈਂਟ ਨਾਲ ਸੰਪਰਕ ਕਰਨ ਲਈ ਕਿਹਾ, ਜਿਸ ’ਤੇ ਜ਼ੋਮੈਟੋ ਦੇ ਮੁਲਾਜ਼ਮ ਨੇ ਵਿਕਾਸ ਨੂੰ ਦੱਸਿਆ ਕਿ ਉਨ੍ਹਾਂ ਨੇ ਰੈਸਟੋਰੈਂਟ ਨੂੰ ਪੰਜ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ‘ਭਾਸ਼ਾ ਦੀ ਰੁਕਾਵਟ’ ਕਾਰਨ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਇਸ ’ਤੇ ਵਿਕਾਸ ਨੇ ਕਿਹਾ ਕਿ ਜੇ ਜ਼ੋਮੈਟੋ ਤਮਿਲਨਾਡੂ ਵਿਚ ਸੇਵਾਵਾਂ ਦੇ ਰਿਹਾ ਹੈ ਤਾਂ ਉਸ ਭਾਸ਼ਾ ਨੂੰ ਸਮਝਣ ਲਈ ਇਕ ਤਮਿਲ ਭਾਸ਼ੀ ਵਿਅਕਤੀ ਨੂੰ ਕੰਮ ’ਤੇ ਰੱਖਣਾ ਚਾਹੀਦਾ। ਉਸ ਨੇ ਜ਼ੋਮੈਟੋ ਕਰਮਚਾਰੀ ਤੋਂ ਪੈਸੇ ਰੈਸਟੋਰੈਂਟ ਤੋਂ ਰਿਫੰਡ ਕਰਾਉਣ ਲਈ ਕਿਹਾ। ਜਵਾਬ ਵਿਚ ਮੁਲਾਜ਼ਮ ਨੇ ਕਿਹਾ, ‘ ਤੁਹਾਡੀ ਜਾਣਕਾਰੀ ਲਈ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਇਸ ਲਈ ਇਹ ਬਹੁਤ ਆਮ ਗੱਲ ਹੈ ਕਿ ਹਰ ਕਿਸੇ ਨੂੰ ਥੋਡ਼੍ਹੀ ਬਹੁਤ ਹਿੰਦੀ ਆਉਣੀ ਚਾਹੀਦੀ।’
ਵਿਕਾਸ ਨੇ ਆਪਣੀ ਟਵੀਟ ਵਿਚ ਲਿਖਿਆ ‘ਜ਼ੋਮੈਟੋ ਤੋਂ ਖਾਣਾ ਆਰਡਰ ਕੀਤਾ ਪਰ ਉਸ ਵਿਚ ਇਕ ਸਾਮਾਨ ਰਹਿ ਗਿਆ। ਕਸਟਮਰ ਕੇਅਰ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਹੈ ਕਿ ਪੈਸੇ ਰਿਫੰਡ ਨਹੀਂ ਕੀਤੇ ਜਾ ਸਕਦੇ ਕਿਉਂਕਿ ਹਿੰਦੀ ਨਹੀਂ ਆਉਂਦੀ। ਇਹ ਵੀ ਇਕ ਤਰ੍ਹਾਂ ਦਾ ਸਬਕ ਹੈ ਕਿ ਭਾਰਤੀ ਹੋਣ ਦੇ ਨਾਤੇ ਮੈਨੂੰ ਹਿੰਦੀ ਜਾਣਨੀ ਚਾਹੀਦੀ ਹੈ। ਮੈਨੂੰ ਝੂਠਾ ਕਰਾਰ ਦਿੱਤਾ ਗਿਆ। ’ ਪੈਸੇ ਰਿਫੰਡ ਕਰਨ ਦੀ ਅਸਮੱਰਥਾ ’ਤੇ ਵਿਕਾਸ ਨੇ ਕਿਹਾ ਕਿ ਭਾਸ਼ਾ ਦੀ ਦਿੱਕਤ ਉਸ ਦੀ ਸਮੱਸਿਆ ਨਹੀਂ ਹੈ। ਕੰਪਨੀ ਨੂੰ ਪੈਸੇ ਵਾਪਸ ਚਾਹੀਦੇ।
ਸਕਰੀਨ ਸ਼ਾਟ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਕਾਸ ਦੀ ਆਪਣੇ ਆਰਡਰ ਨੂੰ ਲੈ ਕੇ ਜ਼ੋਮੈਟੋ ਦੇ ਚੈਟ ਸਪੋਰਟ ਐਕਜ਼ੀਕਿਊਟਿਵ ਗਾਹਕ ਨਾਲ ਬਹਿਸ ਹੋਈ। ਬਹਿਸ ਦਾ ਇਹ ਟਵੀਟ ਪੋਸਟ ਕੀਤੇ ਜਾਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਇਹ ਮਾਮਲਾ ਵਾਇਰਲ ਹੋ ਗਿਆ।
ਜਿਵੇਂ ਹੀ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਉਛਲਿਆ ਜ਼ੋਮੈਟੋ ਨੇ ਖੁਦ ਟਵੀਟ ਕਰ ਮਾਫੀ ਮੰਗ ਲਈ। ਜ਼ੋਮੈਟੋ ਨੇ ਆਪਣੇ ਟਵੀਟ ਵਿਚ ਲਿਖਿਆ,‘ਵਨਕਮ ਵਿਕਾਸ, ਅਸੀਂ ਆਪਣੇ ਕਸਟਮਰ ਕੇਅਰ ਏਜੰਟ ਦੇ ਵਿਵਹਾਰ ਲਈ ਮਾਫੀ ਚਾਹੁੰਦੇ ਹਨ। ਇਸ ਘਟਨਾ ’ਤੇ ਅਸੀਂ ਅਧਿਕਾਰਿਤ ਬਿਆਨ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਅਗਲੀ ਵਾਰ ਤੁਸੀਂ ਸਾਨੂੰ ਆਪਣੀ ਬਿਹਤਰ ਸੇਵਾ ਕਰਨ ਦਾ ਮੌਕਾ ਦਿਓਗੇ।’