ਬਠਿੰਡਾ : ਮੁਲਕ ਦੀ ਤਕਸੀਮ ਦੌਰਾਨ ਵਿਛੜੇ ਦੋ ਭਰਾ 74 ਸਾਲਾਂ ਬਾਅਦ 10 ਜਨਵਰੀ ਨੂੰ ਕਰਤਾਰਪੁਰ ਸਾਹਿਬ ਵਿਚ ਮਿਲ ਸਕੇ ਹਨ। ਦੱਸਣਯੋਗ ਹੈ ਕਿ ਇਸ ਦੌਰਾਨ ਉਥੇ ਜੋ ਵੀ ਮੌਜੂਦ ਸੀ, ਭਾਵੁਕ ਹੋ ਰਿਹਾ ਸੀ। ਦੋਵਾਂ ਨੂੰ ਮਿਲਵਾਉਣ ਵਿਚ ਨਾਸਿਰ, ਲਵਲੀ ਸਿੰਘ ਲਾਇਲਪੁਰ ਤੇ ਪਿੰਡ ਫੂਲੇਵਾਲਾ ਬਠਿੰਡਾ ਵਾਸੀ ਡਾ. ਜਗਸੀਰ ਸਿੰਘ ਨੇ ਭੂਮਿਕਾ ਨਿਭਾਈ ਹੈ।
ਪਾਕਿਸਤਾਨ ਨਿਵਾਸੀ ਨਾਸਿਰ ਢਿੱਲੋਂ ਨੇ ਦੱਸਿਆ ਕਿ ਲਵਲੀ ਉਥੇ ਸਥਿਤ ਪਿੰਡ ਬੋਘੜਾ ਗਏ ਸਨ। ਉਸ ਸਮੇਂ ਉਸ ਨੂੰ ਉਥੇ 80 ਸਾਲਾ ਬਿਰਧ ਵਿਅਕਤੀ ਸਦੀਕ ਮਿਲਿਆ। ਸਦੀਕ ਨੇ ਦੱਸਿਆ ਕਿ ਮੁਲਕ ਦੀ ਤਕਸੀਮ ਦੌਰਾਨ ਉਸ ਦੀ ਮਾਂ ਤੇ ਭਰਾ ਭਾਰਤ ਵਿਚ ਰਹਿ ਗਏ ਸਨ। ਉਨ੍ਹਾਂ ਦੇ ਭਰਾ ਦਾ ਨਾਂ ਹਬੀਬ ਉਰਫ਼ ਸੀਕਾ ਹੈ, ਉਹ ਮਾਂ ਦੇ ਨਾਲ ਪਿੰਡ ਫੂਲੇਵਾਲਾ ਗਏ ਹੋਏ ਸਨ। ਫਿਰ ਜਦੋਂ ਦੇਸ਼ ਵੰਡ ਦੇ ਹਾਲਾਤ ਪ੍ਰਤੱਖ ਹੋ ਗਏ ਤਾਂ ਵਿਛੜਣ ਮਗਰੋਂ ਹਾਲੇ ਤਕ ਮਾਂ ਤੇ ਭਰਾ ਮਿਲ ਨਹੀਂ ਸਕੇ।ਇਸ ਮਗਰੋਂ ਲਵਲੀ ਨੇ ਲਾਇਲਪੁਰ ਤੋਂ ਵੀਡੀਓ ਇੰਟਰਨੈੱਟ ’ਤੇ ਪਾਈ। ਇਹ ਵੀਡੀਓ ਡਾ. ਜਗਸੀਰ ਸਿੰਘ ਨੇ ਵੇਖੀ ਤੇ ਸੰਪਰਕ ਵਟਸਐਪ ਨੰਬਰ ’ਤੇ ਸੰਪਰਕ ਕਰ ਕੇ ਬਿਰਧ ਵਿਅਕਤੀ ਹਬੀਬ ਦੇ ਜ਼ਿੰਦਾ ਹੋਣ ਬਾਰੇ ਦੱਸਿਆ। ਉਨ੍ਹਾਂ ਨੇ ਦੋਵਾਂ ਭਰਾਵਾਂ ਦੀ ਗੱਲਬਾਤ ਵੀਡੀਓ ਕਾਲ ਜ਼ਰੀਏ ਕਰਵਾਈ। ਡਾ. ਜਗਸੀਰ ਮੁਤਾਬਕ ਹਬੀਬ ਦੱਸਦੇ ਹਨ ਕਿ ਦੇਸ਼ ਦੀ ਤਕਸੀਮ ਦੌਰਾਨ ਜਦੋਂ ਕਤਲੇਆਮ ਸ਼ੁਰੂ ਹੋਇਆ ਤਾਂ ਉਹ ਆਪਣੀ ਮਾਂ ਦੇ ਨਾਲ ਨਾਨਕੇ ਪਿੰਡ ਫੂਲੇਵਾਲਾ ਵਿਚ ਆਇਆ ਹੋਇਆ ਸੀ। ਉਸ ਦਾ ਵੱਡਾ ਵੀਰ ਤੇ ਪਿਤਾ ਜਗਰਾਓਂ ਲਾਗੇ ਪਿੰਡ ਕੋਠੇ ਵਿਚ ਸਨ। ਇਸੇ ਕਾਰਨ ਉਹ ਭਾਰਤ ਵਿਚ ਰੁਕ ਗਏ ਅਤੇ ਵੱਡਾ ਵੀਰ ਤੇ ਪਿਤਾ ਪਾਕਿਸਤਾਨ ਤੁਰ ਗਏ ਸਨ। ਉਸ ਮਗਰੋਂ ਕੀ ਹੋਇਆ, ਕੁਝ ਪਤਾ ਨਹੀਂ ਲੱਗ ਸਕਿਆ। ਹਬੀਬ ਸੀਕਾ ਦਾ ਭਰਾ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਪਾਸਪੋਰਟ ਬਣਵਾਇਆ, ਬਾਅਦ ਵਿਚ ਕੋਰੋਨਾ ਵਾਇਰਸ ਕਾਰਨ ਰਾਹ ਬੰਦ ਕਰ ਦਿੱਤੇ ਗਏ, ਇਸ ਕਾਰਨ ਭਰਾਵਾਂ ਵਿਚ ਮੁਲਾਕਾਤ ਨਾ ਹੋ ਸਕੀ। ਹੁਣ ਕੋਰੋਨਾ ਮਗਰੋਂ ਸਰਹੱਦਾਂ ਖੁੱਲ੍ਹੀਆਂ ਤਾਂ ਦੋਵੇਂ ਭਰਾ ਮਿਲ ਸਕੇ ਹਨ।