ਉੱਤਰੀ ਕੋਰੀਆ ਨੇ ਸਮੁੰਦਰ ’ਚ ਮੁੜ ਦਾਗ਼ੀ ਬੈਲਿਸਟਿਕ ਮਿਜ਼ਾਈਲ

ਸਿਓਲ : ਉੱਤਰੀ ਕੋਰੀਆ ਨੇ ਇਕ ਹਫ਼ਤੇ ਦੇ ਅੰਦਰ ਦੂਜੀ ਵਾਰ ਸਮੁੰਦਰ ’ਚ ਮਿਜ਼ਾਈਲ ਦਾਗ਼ੀ ਹੈ। ਇਸ ਨੂੰ ਬੈਲਿਸਟਿਕ ਮਿਜ਼ਾਈਲ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਵਿਰੋਧ ਵਿਚਾਲੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਹਾਲ ਹੀ ’ਚ ਦੇਸ਼ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਦੇ ਵਿਸਤਾਰ ਬਾਰੇ ਜਾਣੂ ਕਰਵਾਇਆ ਸੀ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਇਸ ਨੂੰ ਹਾਈਪਰਸੋਨਿਕ ਮਿਜ਼ਾਈਲ ਦੱਸਿਆ ਹੈ। ਅਜਿਹੀ ਹੀ ਇਕ ਮਿਜ਼ਾਈਲ ਦਾ ਪਿਛਲੇ ਸਾਲ ਸਤੰਬਰ ’ਚ ਵੀ ਤਜਰਬਾ ਕੀਤਾ ਗਿਆ ਸੀ।

ਉੱਤਰੀ ਕੋਰੀਆ ਨੇ ਬੀਤੇ ਸਾਲ ਵੀ ਲਗਾਤਾਰ ਹਥਿਆਰਾਂ ਦੇ ਤਜਰਬੇ ਕੀਤੇ ਸਨ। ਇਸ ਤੋਂ ਸਾਫ਼ ਹੈ ਕਿ ਉਸ ਨੇ ਕੋਵਿਡ ਕੌਮਾਂਤਰੀ ਮਹਾਮਾਰੀ ਦੇ ਮੱਦੇਨਜ਼ਰ ਸਵੈ-ਐਲਾਨੇ ਲਾਕਡਾਊਨ ਤੇ ਅਮਰੀਕਾ ਨਾਲ ਪਰਮਾਣੂ ਵਾਰਤਾ ਠੱਪ ਹੋਣ ਦੌਰਾਨ ਆਪਣੀ ਫ਼ੌਜੀ ਸਮਰੱਥਾਵਾਂ ਦਾ ਵਿਸਤਾਰ ਜਾਰੀ ਰੱਖਿਆ ਹੈ

ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਆਪਣੇ ਉੱਤਰੀ ਖੇਤਰ ’ਚ ਸਥਿਤ ਜਗਾਂਗ ਸੂਬੇ ਤੋਂ ਬੈਲਿਸਟਿਕ ਮਿਜ਼ਾਈਲ ਦਾਗ਼ੀ ਹੈ। ਉਨ੍ਹਾਂ ਕਿਹਾ ਕਿ ਪੂਰਬੀ ਖੇਤਰ ’ਚ ਸਮੁੰਦਰ ’ਚ ਡਿੱਗਣ ਤੋਂ ਪਹਿਲਾਂ ਮਿਜ਼ਾਈਲ ਨੇ ਮੈਕ 10 ਦੀ ਵੱਧ ਤੋਂ ਰਫ਼ਤਾਰ ਨਾਲ ਲਗਪਗ 700 ਕਿਲੋਮੀਟਰ ਦੀ ਉਡਾਣ ਭਰੀ। ਇਹ ਤਜਰਬਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਸਾਫ਼ ਉਲੰਘਣਾ ਹੈ। ਇਸ ਮਿਜ਼ਾਈਲ ਨੇ ਉੱਤਰੀ ਕੋਰੀਆ ਵੱਲੋਂ ਪਹਿਲਾਂ ਦਾਗ਼ੀਆਂ ਗਈਆਂ ਹੋਰ ਮਿਜ਼ਾਈਲਾਂ ਤੋਂ ਵੱਧ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।

ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਮਿਜ਼ਾਈਲ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਾਈ ਹੈ ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਆਪਣੀ ਕਥਿਤ ਹਾਈਪਰਸੋਨਿਕ ਮਿਜ਼ਾਈਲ ਦਾ ਤਜਰਬਾ ਕਰ ਸਕਦਾ ਹੈ ਕਿਉਂਕਿ ਦੱਖਣੀ ਕੋਰੀਆ ਦੀ ਫ਼ੌਜ ਨੇ ਉਸ ਦੇ ਪਹਿਲਾਂ ਦੇ ਤਜਰਬੇ ਨੂੰ ਘੱਟ ਆਂਕਿਆ ਸੀ। ਹਾਲਾਂਕਿ, ਉੱਤਰੀ ਕੋਰੀਆ ਨੇ ਫ਼ਿਲਹਾਲ ਕੋਈ ਟਿੱਪਣੀ ਨਹੀਂ ਕੀਤੀ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੱਕੀ ਬੈਲਿਸਟਿਕ ਮਿਜ਼ਾਈਲ ਨੇ ਦੇਸ਼ ਦੇ ਆਰਥਿਕ ਜ਼ੋਨ ਦੇ ਬਾਹਰ ਲੈਂਡਿੰਗ ਕੀਤੀ। ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਕਿਹਾ ਕਿ ਅਧਿਕਾਰੀ ਜਾਪਾਨ ਦੇ ਚਾਰੇ ਪਾਸੇ ਸਮੁੰਦਰੀ ਬੇੜਿਆਂ ਤੇ ਜਹਾਜ਼ਾਂ ਦੀ ਸੁਰੱਖਿਆ ਦੀ ਜਾਂਚ ਕਰ ਰਹੇ ਹਨ। ਫ਼ਿਲਹਾਲ ਕਿਸੇ ਤਰ੍ਹਾਂ ਦੇ ਅੜਿੱਕੇ ਜਾਂ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਦਫਤਰ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਤਾਜ਼ਾ ਤਜਰਬੇ ’ਤੇ ਕੌਮੀ ਸਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ’ਚ ਚਰਚਾ ਹੋਈ। ਇਸ ਦੌਰਾਨ ਉਸ ਦੇ ਤਜਰਬਿਆਂ ’ਤੇ ‘ਡੂੰਘਾ ਅਫਸੋਸ’ ਪ੍ਰਗਟ ਕਰਦੇ ਹੋਏ ਉਸ ਨਾਲ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ।