ਕਿਰਤੀ ਕਿਸਾਨ ਯੂਨੀਅਨ 21 ਅਕਤੂਬਰ ਨੂੰ ਡੀਸੀ ਦਫ਼ਤਰ ਦਾ ਕਰੇਗੀ ਘਿਰਾਓ

ਬਠਿੰਡਾ : ਚਾਰ ਅਤੇ ਪੰਜ ਅਕਤੂਬਰ ਦੀ ਦਰਮਿਆਨੀ ਰਾਤ ਨੂੰ ਭਾਰੀ ਮੀਂਹ ਤੇ ਗੜ੍ਹਿਆਂ ਕਾਰਨ ਤਬਾਹ ਹੋਈ ਝੋਨੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ 21 ਅਕਤੂਬਰ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਕਮੇਟੀ ਮੈਂਬਰ ਗੁਰਪ੍ਰੀਤ ਜੈ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਨੇ ਦੱਸਿਆ ਚਾਰ ਅਕਤੂਬਰ ਤੇ ਪੰਜ ਅਕਤੂਬਰ ਦੀ ਦਰਮਿਆਨ ਭਾਰੀ ਬਾਰਸ਼ ਤੇ ਗੜ੍ਹੇਮਾਰੀ ਹੋਈ ਸੀ, ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ। ਇਸ ਮਸਲੇ ਨੂੰ ਲੈ ਕੇ 6 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਦੇ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ ਸੀ। ਮੰਗ ਕੀਤੀ ਗਈ ਸੀ ਕਿ ਫੌਰੀ ਝੋਨੇ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ 70000 ਹਜ਼ਾਰ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।

ਇਕ ਹਫ਼ਤੇ ਤੋਂ ਸਮਾਂ ਉੱਪਰ ਚੁੱਕਿਆ ਹੈ, ਪਰ ਪ੍ਰਸ਼ਾਸ਼ਨ ਨੇ ਇਸ ਪਾਸੇ ਕੋਈ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਅਣਦੇਖੀ ਕਰਕੇ ਕਿਸਾਨ ਕਰਜ਼ੇ ਦੀ ਪੰਡ ਥੱਲੇ ਦੱਬੇ ਜਾ ਰਹੇ ਹੈ। ਪਹਿਲਾਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਤਬਾਹ ਕਰਕੇ ਰੱਖ ਤਾਂ ਸਰਕਾਰ ਨੇ ਅਜੇ ਤਕ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਲਗਾਤਾਰ ਬੇਮੌਸਮੀ ਬਰਸਾਤ ਕਿਸਾਨਾਂ ਲਈ ਮੁਸੀਬਤ ਹੈ। ਚੰਨੀ ਸਰਕਾਰ ਕਿਸਾਨਾਂ ਦੀ ਬਾਂਹ ਫਡ਼ਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਕੋਲ ਸੰਘਰਸ਼ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਹੈ, ਇਸ ਲਈ ਮਜਬੂਰੀ ਵੱਸ ਕਿਰਤੀ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਕਿ 21 ਅਕਤੂਬਰ ਦਿਨ ਵੀਰਵਾਰ ਨੂੰ ਡੀਸੀ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ। ਇਸ ਦੀ ਤਿਆਰੀ ਲਈ ਪਿੰਡਾਂ ਵਿਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।