ਨਵੀਂ ਦਿੱਲੀ : ਭਾਰਤ ਨੂੰ ਮੰਗਲਵਾਰ ਦੇ ਦਿਨ ਵੱਡੀ ਕਾਮਯਾਬੀ ਹੱਥ ਲੱਗੀ ਹੈ। ਭਾਰਤੀ ਜਲ ਸੈਨਾ ਨੇ ਸੁਪਰਸੋਨਿਕ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਪੱਛਣੀ ਤਟ ’ਤੇ ਤਾਇਨਾਤ ਜਲ ਸੈਨਾ ਦੇ ਜੰਗੀ ਜਹਾਜ਼ ਆਈਐੱਨਐੱਸ ਵਿਸ਼ਾਖਾਪਟਨਮ ਤੋਂ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦਾ ਸਮੁੰਦਰ ਤੋਂ ਸਮੁੰਦਰ ’ਚ ਮਾਰ ਕਰਨ ਵਾਲਾ ਵੇਰੀਐਂਟ ਸੀ। ਇਸਨੇ ਵੱਧ ਤੋਂ ਵੱਧ ਰੇਂਜ ਅਤੇ ਸਟੀਕਤਾ ਦੇ ਨਾਲ ਉਦੇਸ਼ ਵਾਲੇ ਜਹਾਜ਼ ’ਤੇ ਹਮਲਾ ਕੀਤਾ
DRDO ਨੇ ਬਣਾਈ ਹੈ ਮਿਜ਼ਾਈਲ
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਹੈ। ਇਸ ਮਿਜ਼ਾਈਲ ਦੀ ਰੇਂਜ ਹਾਲ ਹੀ ਵਿੱਚ 298 ਕਿਲੋਮੀਟਰ ਤੋਂ ਵਧਾ ਕੇ 450 ਕਿਲੋਮੀਟਰ ਕਰ ਦਿੱਤੀ ਗਈ ਹੈ। ਇਹ ਛੋਟੀ ਦੂਰੀ ਦੀ ਰਾਮਜੈੱਟ, ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੁਨੀਆ ਵਿੱਚ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਤੇਜ਼ ਹੈ। ਇਸ ਨੂੰ ਪਣਡੁੱਬੀ, ਜਹਾਜ਼, ਹਵਾਈ ਜਹਾਜ਼ ਜਾਂ ਜ਼ਮੀਨ ਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ। ਇਹ ਰੂਸ ਦੀ ਪੀ-800 ਓਨਕਿਸ ਕਰੂਜ਼ ਮਿਜ਼ਾਈਲ ਦੀ ਤਕਨੀਕ ‘ਤੇ ਆਧਾਰਿਤ ਹੈ। ਇਹ ਮਿਜ਼ਾਈਲ ਭਾਰਤੀ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਨੂੰ ਸੌਂਪ ਦਿੱਤੀ ਗਈ ਹੈ।
ਕੀ ਹੈ ਖ਼ਾਸੀਅਤ ?
– ਬ੍ਰਹਮੋਸ ਮਿਜ਼ਾਈਲ ਨੂੰ ਸਵਦੇਸ਼ੀ ਢੰਗ ਨਾਲ ਵਿਕਸਤ ਕੀਤਾ ਗਿਆ ਹੈ
– ਬ੍ਰਹਮੋਸ ਮਿਜ਼ਾਈਲ ਰੂਸ ਅਤੇ ਭਾਰਤ ਦਾ ਸਾਂਝਾ ਪ੍ਰੋਜੈਕਟ ਹੈ।
– ਇਸ ਵਿੱਚ ਬ੍ਰਾਹ ਦਾ ਅਰਥ ਹੈ ‘ਬ੍ਰਹਮਪੁੱਤਰ’ ਅਤੇ ਮੋਸ ਦਾ ਅਰਥ ਹੈ ‘ਮੋਸਕਵਾ’।
– ਬ੍ਰਹਮੋਸ ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਜਿਸ ਨੂੰ 21ਵੀਂ ਸਦੀ ਦੀਆਂ ਸਭ ਤੋਂ ਖ਼ਤਰਨਾਕ ਮਿਜ਼ਾਈਲਾਂ ਵਿੱਚ ਗਿਣਿਆ ਜਾਂਦਾ ਹੈ।
– ਬ੍ਰਹਮੋਸ ਇੱਕ ਰਾਮਜੈੱਟ ਇੰਜਣ ਦੁਆਰਾ ਸੰਚਾਲਿਤ ਹੈ, ਜੋ ਇਸਦੀ ਗਤੀ ਨੂੰ ਵਧਾਉਂਦਾ ਹੈ ਅਤੇ ਸ਼ੁੱਧਤਾ ਨੂੰ ਹੋਰ ਘਾਤਕ ਬਣਾਉਂਦਾ ਹੈ।
– ਬ੍ਰਹਮੋਸ ਮਿਜ਼ਾਈਲ ਮੈਕ 3.5 ਯਾਨੀ 4,300 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਉੱਡ ਸਕਦੀ ਹੈ।
– ਦੁਸ਼ਮਣ ਦਾ ਰਾਡਾਰ ਇਸਨੂੰ ਫੜ ਨਹੀਂ ਸਕਦਾ
– ਇਹ ਮਿਜ਼ਾਈਲ ਭਵਿੱਖ ਵਿੱਚ ਮਿਗ-29, ਤੇਜਸ ਅਤੇ ਰਾਫੇਲ ਵਿੱਚ ਵੀ ਤਾਇਨਾਤ ਕੀਤੀ ਜਾਣੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ Pralay ਦਾ ਸਫਲ ਪ੍ਰੀਖਣ ਕੀਤਾ ਸੀ। ਡੀਆਰਡੀਓ ਨੇ 22 ਅਤੇ 23 ਦਸੰਬਰ ਨੂੰ ਸਫਲਤਾਪੂਰਵਕ ਪ੍ਰਲੇਅ ਟੈਸਟ ਕੀਤਾ।