ਕੈਪਟਾਊਨ – ਭਾਰਤ ਵਿਰਾਟ ਕੋਹਲੀ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਖ਼ਿਲਾਫ਼ ਉਸ ਦੀ ਸਰਜ਼ਮੀਂ ’ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਉਤਰੇਗਾ। ਕੈਪਟਾਊਨ ’ਚ ਭਾਰਤ ਨੇ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਤੇ ਉਸ ਨੂੰ ਹੁਣ ਮੰਗਲਵਾਰ ਤੋਂ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਿਰੀ ਮੁਕਾਬਲਾ ਇਥੇ ਖੇਡਣਾ ਹੈ। ਫਿਲਹਾਲ ਸੀਰੀਜ਼ 1-1 ਨਾਲ ਬਰਾਬਰੀ ’ਤੇ ਹੈ।
ਕੋਹਲੀ ਪਿੱਠ ਦੇ ਉਪਰੀ ਹਿੱਸੇ ’ਚ ਜਕੜਨ ਕਾਰਨ ਪਿਛਲੇ ਹਫ਼ਤੇ ਜੋਹਾਨਸਬਰਗ ’ਚ ਦੂਸਰੇ ਟੈਸਟ ’ਚ ਨਹੀਂ ਖੇਡ ਪਾਏ ਸੀ ਪਰ ਹੁਣ ਉਹ ਫਿੱਟ ਹਨ। ਕੋਹਲੀ ਆਪਣਾ 99ਵਾਂ ਟੈਸਟ ਆਪਣੀ ਬੇਟੀ ਦੇ ਪਹਿਲੇ ਜਨਮਦਿਨ ਮੌਕੇ ’ਤੇ ਖੇਡਣਗੇ। ਅਜਿਹੇ ’ਚ ਬੱਲੇਬਾਜ਼ ਕੋਹਲੀ ਚਾਹਉਣਗੇ ਕਿ ਉਹ ਪਿਛਲੇ ਕੁਝ ਸਮੇਂ ਤੋਂ ਬੇਹੱਦ ਦਬਾਅ ਦਾ ਸਾਹਮਣਾ ਕਰ ਰਹੇ ਕਪਤਾਨ ਕੋਹਲੀ ਲਈ ਇਸ ਮੈਚ ਨੂੰ ਯਾਦਗਾਰ ਬਣਾਉਣ। ਦੱਖਣੀ ਅਫਰੀਕਾ ’ਚ ਤਿੰਨ ਦਹਾਕਿਆਂ ’ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਨਾਲ ਪੱਕੇ ਤੌਰ ’ਤੇ ਕੋਹਲੀ ਦਾ ਨਾਂ ਪਰੰਪਰਿਕ ਫਾਰਮੈਟ ’ਚ ਦੇਸ਼ ਦੇਸ਼ ਦੇ ਮਹਾਨ ਕਪਤਾਨ ਦੇ ਰੂਪ ’ਚ ਸਥਾਪਤ ਹੋਵੇਗਾ
ਇਸ ਲਈ ਭਾਰਤੀ ਬੱਲੇਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਪਹਿਲੀ ਪਾਰੀ ’ਚ 300 ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕਰਨਾ ਮਹੱਤਵਪੂਰਨ ਹੋਵੇਗਾ। ਵਿਰਾਟ ਦੋ ਸਾਲਾਂ ਤੋਂ ਸੈਂਕੜਾ ਨਹੀਂ ਬਣਾ ਪਾਏ ਹਨ ਤੇ ਉਨ੍ਹਾਂ ਲਈ ਇਸ ਕਾਰਨ ਵੀ ਇਹ ਟੈਸਟ ਮਹੱਤਵਪੂਰਨ ਹੈ। ਹਾਲਾਂਕਿ ਕੋਹਲੀ ਦੀ ਬੱਲੇਬਾਜ਼ੀ ’ਤੇ ਗੌਰ ਕਰੀਏ ਤਾਂ ਚਤੇਸ਼ਵਰ ਪੁਜਾਰਾ ਤੇ ਅਜਿੰਕੇ ਰਾਹਣੇ ਦੇ ਉਲਟ ਉਹ ਜਦੋਂ ਤਕ ਕਰੀਜ਼ ’ਤੇ ਰਹਿੰਦੇ ਹਨ, ਉਨ੍ਹਾਂ ਦੀ ਬੱਲੇਬਾਜ਼ੀ ’ਚ ਵਿਸ਼ਵਾਸ ਝਲਕਦਾ ਹੈ। ਜੋਹਾਨਸਬਰਗ ’ਚ ਦੋ ਸੰਘਰਸ਼ਪੂਰਨ ਪਾਰੀਆਂ, ਵਿਸ਼ੇਸ਼ਕਰ ਦੂਸਰੀ ਪਾਰੀ ’ਚ ਅਜੇਤੂ 40 ਦੌੜਾਂ ਬਣਾਉਣ ਤੋਂ ਬਾਅਦ ਹਨੁਮਾ ਵਿਹਾਲੀ ਨੂੰ ਮਾਯੂਸੀ ਹੱਥ ਲੱਗ ਸਕਦੀ ਹੈ ਤੇ ਉਨ੍ਹਾਂ ਨੂੰ ਟੀਮ ’ਚ ਕਪਤਾਨ ਲਈ ਜਗ੍ਹਾ ਛੱਡਣੀ ਪੈ ਸਕਦੀ ਹੈ।
ਆਫ ਡਰਾਈਵ ਤੋਂ ਬਚਣ ਕੋਹਲੀ : ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਕੋਹਲੀ ਨੂੰ ਆਫ ਡਰਾਈਵ ਖੇਡਣ ਤੋਂ ਬਚਣਾ ਹੋਵੇਗਾ ਜਾਂ ਫਿਰ 2004 ’ਚ ਸਚਿਨ ਤੇਂਦੁਲਕਰ ਦੀ ਤਰ੍ਹਾਂ ਪਾਰੀ ਖੇਡਣੀ ਹੋਵੇਗੀ, ਜਦੋਂ ਸਿਡਨੀ ’ਚ ਬ੍ਰੈਟ ਲੀ ਐਂਡ ਕੰਪਨੀ ਖ਼ਿਲਾਫ਼ ਉਨ੍ਹਾਂ ਨੇ ਦੋਹਰਾ ਸੈਂਕੜਾ ਨਾ ਲਾਉਣ ਤਕ ਆਫ ਸਾਈਡ ਸ਼ਾਟ ਨਹੀਂ ਖੇਡੇ ਸੀ। ਹਾਲਾਂਕਿ ਕੋਹਲੀ ਦਾ ਆਪਣਾ ਅਲੱਗ ਤਰੀਕਾ ਹੈ। ਜੇਕਰ ਐਤਵਾਰ ਦੇ ਅਭਿਆਸ ’ਤੇ ਗ਼ੌਰ ਕਰੀਏ ਤਾਂ ਉਹ ਕਵਰ ਡਰਾਈਵ ਖੇਡਣ ਤੋਂ ਨਹੀਂ ਹਿਚਕ ਰਹੇ ਹਨ।
ਪੰਤ ਨੂੰ ਸੰਭਲਣਾ ਹੋਵੇਗਾ : ਵਿਕਟਕੀਪਰ ਰਿਸ਼ਭ ਪੰਤ ਨੇ ਹਾਲ ਦੇ ਮਹੀਨਿਆਂ ’ਚ ਤੇਜ਼ ਗੇਂਦਬਾਜ਼ੀ ਅੱਗੇ ਵੱਧ ਕੇ ਖੇਡਦੇ ਹੋਏ ਹਮਲਾ ਦਿਖਾਇਆ ਹੈ ਪਰ ਇਸ ਦਾ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਨਹੀਂ ਮਿਲਿਆ ਹੈ। ਨਿਊਲੈਂਡਸ ਦੀ ਅਸਮਾਨ ਉਛਾਲ ਵਾਲੀ ਘਸਿਆਲੀ ਪਿੱਚ ’ਤੇ ਭਾਰਤ ਨੂੰ ਕੈਗਿਸੋ ਰਬਾਦਾ, ਡੁਆਨੋ ਓਲੀਵਰ, ਲੁੰਗੀ ਨਗਿਦੀ ਤੇ ਮਾਰਕੋ ਜੇਨਸੇਨ ਖ਼ਿਲਾਫ਼ ਵਧੀਆ ਬੱਲੇਬਾਜ਼ੀ ਕਰਨੀ ਹੋਵੇਗੀ। ਭਾਰਤ ਨੇ ਕੈਪਟਾਊਨ ’ਚ ਕਦੇ ਟੈਸਟ ਮੈਚ ਨਹੀਂ ਜਿੱਤਿਆ ਤੇ ਮੱਧਕ੍ਰਮ ਦੇ ਤਿੰਨ ਅਨੁਭਵੀ ਬੱਲੇਬਾਜ਼ਾਂ ਨੂੰ ਵਾਂਡਰਸ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।
ਇਕ ਹੋਰ ਮੌਕਾ : ਪੁਜਾਰਾ ਤੇ ਰਹਾਣੇ ਨੂੰ ਦੂਸਰੇ ਟੈਸਟ ਦੀ ਦੂਸਰੀ ਪਾਰੀ ’ਚ ਅਰਧ ਸੈਂਕੜੇ ਲਾਉਣ ਤੋਂ ਬਾਅਦ ਅੰਤਿਮ ਇਲੈਵਨ ’ਚ ਬਰਕਰਾਰ ਰੱਖਿਆ ਜਾ ਸਕਦਾ ਹੈ ਪਰ ਜੇਕਰ ਉਹ ਕੋਈ ਮਹੱਤਵਪੂਰਨ ਯੋਗਦਾਨ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਦਾ ਕਰੀਅਰ ਬਚਾਉਣ ਲਈ ਇਹ ਨਾਕਾਫੀ ਹੋ ਸਕਦਾ ਹੈ। ਅਰਧ ਸੈਂਕੜਾ ਲਾਉਣਾ ਸਕਾਰਾਤਮਕ ਸੰਕੇਤ ਹਨ ਪਰ ਚੰਗੀ ਸ਼ੁਰੂਆਤ ਨੂੰ ਵੱਡੇ ਸੈਂਕੜੇ ’ਚ ਨਾ ਬਦਲ ਪਾਉਣਾ ਨਿਰਾਸ਼ਾਜਨਕ ਹੈ। ਇਸੇ ਤਰ੍ਹਾਂ ਲੋਕੇਸ਼ ਰਾਹੁਲ ਤੇ ਮਯੰਕ ਅਗਰਵਾਲ ਨੂੰ ਵੀ ਚੰਗੀ ਸ਼ੁਰੂਆਤ ਦਿਵਾਉਣੀ ਹੋਵੇਗੀ।
ਇਸ਼ਾਂਤ ਦੇ ਕੋਲ ਮੌਕਾ : ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੁਹੰਮਦ ਸਿਰਾਜ ਦੇ ਪੈਰ ਦੀਆਂ ਮਾਸਪੇਸ਼ੀਆਂ ’ਚ ਸੱਟ ਲੱਗਣ ਕਾਰਨ ਮੌਕਾ ਮਿਲ ਸਕਦਾ ਹੈ। ਪਿਛਲੇ ਛੇ ਮਹੀਨਿਆਂ ’ਚ ਉਹ ਖ਼ਰਾਬ ਫਾਰਮ ਤੇ ਸੱਟ ਨਾਲ ਜੂਝ ਰਹੇ ਹਨ। ਦੱਖਣੀ ਅਫਰੀਕਾ ਦੀਆਂ ਪਿੱਚਾਂ ਤੇ ਇਸ਼ਾਂਤ ਸ਼ਰਮਾ ਦੀ ਛੇ ਫੁੱਟ ਤੋਂ ਜ਼ਿਆਦਾ ਦੀ ਲੰਬਾਈ ਨਾਲ ਲਗਾਤਾਰ ਮੇਡਨ ਸੁੱਟਣ ਦੀ ਸਮਰੱਥਾ ਉਨ੍ਹਾਂ ਨੂੰ ਉਮਰੇਸ਼ ਯਾਦਵ ਤੋਂ ਵਧੀਆ ਵਿਕਲਪ ਬਣਾਉਂਦੀ ਹੈ। ਡੀਨ ਐਲਗਰ, ਰੇਸੀ ਵਾਨ ਡੇਰ ਡੁਸੇਨ ਤੇ ਤੇਂਬਾ ਬਾਵੁਮਾ ਨੂੰ ਬੁਮਰਾਹ ਆਪਣੀ ਸ਼ਾਰਟ ਪਿੱਚ ਗੇਂਦਾਂ ਤੋਂ ਪਰੇਸ਼ਾਨ ਨਹੀਂ ਕਰ ਸਕੇ ਤੇ ਉਹ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਚਾਹੁਣਗੇ।
ਇਸ ਤਰ੍ਹਾਂ ਹਨ ਟੀਮਾਂ :
ਭਾਰਤ – ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਅਜਿੰਕੇ ਰਾਹਣੇ, ਰਿਦੀਮਾਨ ਸਾਹਾ, ਜਯੰਤ ਯਾਦਵ, ਪਿ੍ਰਯਾਂਕ ਪਾਂਚਾਲ, ਉਮੇਸ਼ ਯਾਦਵ, ਹਨੁਮਾ ਵਿਹਾਰੀ ਤੇ ਇਸ਼ਾਂਤ ਸ਼ਰਮਾ।
ਦੱਖਣੀ ਅਫਰੀਕਾ- ਡੀਲ ਐਲਗਰ (ਕਪਤਾਨ), ਤੇਂਬਾ ਬਾਵੁਮਾ, ਕੈਗਿਸੋ ਰਬਾਦਾ, ਸਰੇਲ ਇਰਵੀ, ਬਰੂਰੇਨ ਹੈਂਡਿ੍ਰਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਨਗਿਦੀ, ਐਡਨ ਮਾਰਕਰੈਮ, ਵਿਆਨ ਮੁਲਡਰ, ਕੀਗਨ ਪੀਟਰਸਨ, ਰਾਸੀ ਵੇਨ ਡੇਰ ਡੁਸੇਨ, ਕਾਈਲ ਵੇਰੇਨ, ਮਾਰਕੋ ਜੇਨਸੇਨ, ਗਲੇਨਟਨ ਸਟੂਰਮੈਨ, ਪ੍ਰੇਨੇਲਨ ਸੁਰਬਾਯੇਨ, ਸਿਸਾਂਡਾ ਮਗਾਲਾ, ਰਿਆਨ ਰਿਕੈਲਟਨ, ਡੁਆਨੇ ਓਲੀਵਰ।