ਕੋਲੰਬੋ : ਸ੍ਰੀਲੰਕਾ ਨੇ ਭਾਰਤ ਵੱਲੋਂ ਦਿੱਤੇ ਗਏ ਕਰਜ਼ੇ ਦੀ ਮਦਦ ਨਾਲ ਦੇਸ਼ ਦੇ ਜਾਫਨਾ ਜ਼ਿਲ੍ਹੇ ਨੂੰ ਰਾਜਧਾਨੀ ਕੋਲੰਬੋ ਨਾਲ ਜੋੜਨ ਵਾਲੀ ਲਗਜ਼ਰੀ ਟ੍ਰੇਨ ਸੇਵਾ ਸ਼ੁਰੂ ਕੀਤੀ ਹੈ। ਸ੍ਰੀਲੰਕਾ ਦੀ ਟਰਾਂਸਪੋਰਟ ਮੰਤਰੀ ਨੇ ਮਹਾਮਾਰੀ ਦੌਰਾਨ ਸਹਿਯੋਗ ਜਾਰੀ ਰੱਖਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਇੰਟਰਸਿਟੀ ਟ੍ਰੇਨ ਸੇਵਾ ਦੀ ਸ਼ੁਰੂਆਤ ਐਤਵਾਰ ਨੂੰ ਕੋਲੰਬੋ ਦੇ ਮਾਊਂਟ ਲਾਵੀਨੀਆ ਉਪ ਨਗਰ ਤੋਂ ਉੱਤਰ ’ਚ ਜਾਫਨਾ ਦੇ ਕਾਂਕੇਸੰਥੁਰਾਈ ਉਪ ਨਗਰ ਤਕ ਲਈ ਹੋਈ। ਦੋਵਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਲਗਪਗ 386 ਕਿਲੋਮੀਟਰ ਹੈ। ਸ੍ਰੀਲੰਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਨੂੰ ਭਾਰਤ-ਸ੍ਰੀਲੰਕਾ ਸਬੰਧਾਂ ’ਚ ਇਕ ਹੋਰ ਅਹਿਮ ਮੀਲ ਦਾ ਪੱਥਰ ਦੱਸਿਆ। ਹਾਈ ਕਮਿਸ਼ਨ ਨੇ ਟਵੀਟ ਕੀਤਾ, ‘ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਦਿੱਤੀ ਗਈ। ਉੱਤਰੀ ਸੂਬੇ ਲਈ ਅੱਜ ਤੋਂ ਸ਼ੁਰੂ ਕੀਤੀ ਗਈ ਟ੍ਰੇਨ ਸੇਵਾ ਸ੍ਰੀਲੰਕਾ ਨਾਲ ਭਾਰਤ ਦੀ ਵਿਕਾਸ ਭਾਈਵਾਲੀ ਦੇ ਦੋ ਮੁੱਖ ਬਿੰਦੂਆਂ ਨੂੰ ਦਰਸਾਉਂਦੀ ਹੈ। ਇਹ ਹਨ ਬੁਨਿਆਦੀ ਢਾਂਚਾ ਵਿਕਾਸ ਤੇ ਦੇਸ਼ ਵਿਆਪੀ ਦ੍ਰਿਸ਼ਟੀ’ ਭਾਰਤ ਨੇ ਕਰਜ਼ ਦੇ ਸਹੂਲਤ ਤਹਿਤ ਸ੍ਰੀਲੰਕਾ ਨੂੰ ਏਸੀ ਡੀਜ਼ਲ ਮਲਟੀਪਲ ਯੂਨਿਟ (ਏਸੀ ਡੀਐੱਮਯੂ) ਦਿੱਤੀ ਸੀ
ਸ੍ਰੀਲੰਕਾ ਦੀ ਟਰਾਂਸਪੋਰਟ ਮੰਤਰੀ ਪਵਿੱਤਰਾ ਬਨਨਿਆਰਾਚੀ ਨੇ ਉਦਘਾਟਨੀ ਪ੍ਰੋਗਰਾਮ ਤੋਂ ਬਾਅਦ ਟ੍ਰੇਨ ’ਚ ਯਾਤਰਾ ਕੀਤੀ। ਭਾਰਤ ਦੇ ਹਾਈ ਕਮਿਸ਼ਨਰ ਵਿਨੋਦ ਕੇ. ਜੈਕਬ ਨੇ ਕੋਲੰਬੋ ਫੋਰਸ ਸਟੇਸ਼ਨ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਜੈਕਬ ਨੇ ਕਿਹਾ, ‘ਇਹ ਟ੍ਰੇਨ ਸੇਵਾ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰੇਗੀ ਤੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਲਾਭਕਾਰੀ ਸਹਿਯੋਗ ਨੂੰ ਬਲ ਦੇਵੇਗੀ।’
ਭਾਰਤੀ ਮਿਸ਼ਨ ਨੇ ਇਕ ਬਿਆਨ ’ਚ ਦੱਸਿਆ ਕਿ ਸ੍ਰੀਲੰਕਾ ਦੇ ਵਿਕਾਸ ਕਾਰਜਾਂ ’ਚ ਭਾਰਤੀ ਦਾ ਕੁੱਲ ਯੋਗਦਾਨ 3.5 ਅਰਬ ਡਾਲਰ (259.1 ਅਰਬ ਰੁਪਏ) ਤੋਂ ਵੱਧ ਹੈ। ਇਸ ’ਚ ਲਗਪਗ 57 ਕਰੋੜ ਡਾਲਰ (42.24 ਅਰਬ ਰੁਪਏ) ਦੇ ਸ਼ੁੱਧ ਤੌਰ ’ਤੇ ਗ੍ਰਾਂਟ ਪ੍ਰਾਜੈਕਟ ਸ਼ਾਮਲ ਹਨ।