ਨਵੀਂ ਦਿੱਲੀ- 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਹੋਈ ਚੂਕ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ ਪਾਸਿਓਂਂ ਘਿਰੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਲਈ ਭਾਜਪਾ ਦੇ ਚੋਟੀ ਦੇ ਨੇਤਾ ਕਾਂਗਰਸ ’ਤੇ ਹਮਲੇ ਕਰ ਰਹੇ ਹਨ। ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਚੁਟਕੀ ਲੈਂਦਿਆਂ ਭਾਟੀਆ ਨੇ ਕਿਹਾ ਕਿ ਉਹ ਸਿਰਫ ਗਾਂਧੀ ਪਰਿਵਾਰ ਦੇ ਅਧੀਨ ਹਨ, ਦੇਸ਼ ਦੇ ਸੰਵਿਧਾਨ ਦੇ ਅਧੀਨ ਨਹੀਂ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਸੀਐੱਮ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਗੱਲ ਹੋਈ ਹੈ ਤੇ ਫਿਰੋਜ਼ਪੁਰ ’ਚ ਜੋ ਵੀ ਹੋਇਆ, ਉਸ ਨੇ ਪ੍ਰਿਅੰਕਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ
ਅੱਜ ਏਐੱਨਆਈ ਨਾਲ ਗੱਲ ਕਰਦਿਆਂ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਉਨ੍ਹਾਂ ਦੀ ਫੇਰੀ ਦੇ ਸਾਰੇ ਸੰਵੇਦਨਸ਼ੀਲ ਤੇ ਬਹੁਤ ਹੀ ਗੁਪਤ ਵੇਰਵੇ ਸਾਂਝੇ ਕੀਤੇ ਹਨ। ਇਹ ਬਹੁਤ ਗੰਭੀਰ ਮਾਮਲਾ ਹੈ। ਕਿਉਂਕਿ ਮੁੱਖ ਮੰਤਰੀ ਨੇ ਸੰਵਿਧਾਨ ਤਹਿਤ ਗੁਪਤਤਾ ਦੀ ਸਹੁੰ
ਚੁੱਕੀ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੀ ਸਾਰੀ ਜਾਣਕਾਰੀ ਬਹੁਤ ਹੀ ਗੁਪਤ ਹੈ।
ਪ੍ਰਿਅੰਕਾ ਗਾਂਧੀ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ : ਗੌਰਵ ਭਾਟੀਆ
ਪ੍ਰਿਅੰਕਾ ਗਾਂਧੀ ਦੀ ਸਥਿਤੀ ’ਤੇ ਸਵਾਲ ਉਠਾਉਂਦੇ ਹੋਏ, ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਉਸ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ ਕਿ ਮੁੱਖ ਮੰਤਰੀ ਉਸ ਨੂੰ ਰਿਪੋਰਟ ਕਰੇ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਿਤ ਸੰਵੇਦਨਸ਼ੀਲ ਵੇਰਵੇ ਸਾਂਝੇ ਕਰੇ। ਇਸ ਤੋਂਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਆਗੂ ਦੀ ਤਰਜੀਹ ਗਾਂਧੀ ਪਰਿਵਾਰ ਦੇ ਅਧੀਨ ਹੋਣਾ ਹੈ ਨਾ ਕਿ ਦੇਸ਼ ਦੇ ਸੰਵਿਧਾਨ ਦੀ।
ਭਾਰਤ ਦੇ ਲੋਕ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਕਰਤੂਤਾਂ ਦੇਖ ਰਹੇ ਹਨ : ਭਾਟੀਆ
ਭਾਟੀਆ ਨੇ ਅੱਗੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੇ ਹਿੱਤਾਂ ਦਾ ਖ਼ਿਆਲ ਰੱਖਣਗੇ ਪਰ ਦੇਸ਼ ਦੇ ਹਿੱਤਾਂ ਦੀ ਪਰਵਾਹ ਨਹੀਂ ਕਰਨਗੇ। ਉਹ ਗਾਂਧੀ ਪਰਿਵਾਰ ਦੇ ਨਿਰਦੇਸ਼ਨ ਹੇਠ ਕੰਮ ਕਰਨਗੇ ਪਰ ਸੰਵਿਧਾਨ ਤਹਿਤ ਆਪਣੀ ਜ਼ਿੰਮੇਵਾਰੀ ਬਾਰੇ ਨਹੀਂ ਨਿਭਾਉਣਗੇ। ਇਸ ਦੇ ਨਾਲ ਹੀ ਭਾਟੀਆ ਨੇ ਕਿਹਾ ਜੇਕਰ ਚੰਨੀ ਗਾਂਧੀ ਪਰਿਵਾਰ ਤੇ ਸੰਵਿਧਾਨ ਪ੍ਰਤੀ ਅੱਧਾ ਵਫ਼ਾਦਾਰ ਹੁੰਦਾ ਤਾਂ ਇਹ ‘ਸਾਜ਼ਿਸ਼’ ਪ੍ਰਧਾਨ ਮੰਤਰੀ ਵਿਰੁੱਧ ਨਹੀਂ ਰਚੀ ਜਾਣੀ ਸੀ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਸੀ।