ਚੰਡੀਗੜ੍ਹ : ਲੰਘੀ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੇ ਮਾਮਲੇ ਵਿਚ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਬ੍ਰੀਫ ਕਰਨ ਦੇ ਬਿਆਨ ’ਤੇ ਸਿਆਸੀ ਵਿਵਾਦ ਭਖ ਗਿਆ ਹੈ। ਮੁੱਖ ਮੰਤਰੀ ਚੰਨੀ ਵੱਲੋਂ ਇੰਝ ਬ੍ਰੀਫਿੰਗ ਕੀਤੇ ਜਾਣ ’ਤੇ ਭਾਜਪਾ ਨੇ ਸਵਾਲ ਕੀਤੇ ਹਨ।
ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਆਖ਼ਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਸੰਜੀਦਾ ਮਾਮਲੇ ਵਿਚ ਮੁੱਖ ਮੰਤਰੀ ਕਿਵੇਂ ਉਸ ਵਿਅਕਤੀ (ਪਿ੍ਰਅੰਕਾ) ਨਾਲ ਗੱਲ ਕਰ ਸਕਦੇ ਹਨ, ਜਿਹੜੀ ਕਿਸੇ ਵੀ ਸੰਵਿਧਾਨਕ ਅਹੁਦੇ ’ਤੇ ਨਹੀਂ ਹੈ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਸਵਾਲ ਕੀਤਾ ਹੈ ਕਿ ਕੀ ਕਾਂਗਰਸ ਨੇ ਮੁੱਖ ਮੰਤਰੀ ਨੂੰ ਕੋਈ ਕੰਮ ਸੌਂਪਿਆ ਸੀ ਜੋ ਕਿ ਮੁਕੰਮਲ ਨਾ ਹੋਣ ਕਰ ਕੇ ਉਹ ਬ੍ਰੀਫਿੰਗ ਕਰ ਰਹੇ ਸਨ? ਤਰੁਣ ਨੇ ਕਿਹਾ ਕਿ ਫਿਰੋਜ਼ਪੁਰ ਦੌਰੇ ਕਾਰਨ ਪ੍ਰਧਾਨ ਮੰਤਰੀ ਮੋਦੀ ਜਿਸ ਰੂਟ ’ਤੇ ਜਾ ਰਹੇ ਸਨ, ਉਸ ਵਿਚ ਅੱਗੇ ਕਿਸਾਨ ਕਾਰਕੁਨਾਂ ਨੇ ਧਰਨਾ ਮਾਰਿਆ ਹੋਇਆ ਸੀ। ਇਸ ਕਾਰਨ ਮੋਦੀ ਦਾ ਕਾਫ਼ਲਾ ਪੁਲ ਦੇ ਵਿਚਾਲੇ 20 ਮਿੰਟ ਤਕ ਰੁਕਿਆ ਰਿਹਾ ਸੀ। ਇਸ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਕੋਈ ਖ਼ਤਰਾ ਨਹੀਂ ਸੀ ਕਿਉਂਜੋ ਪ੍ਰਧਾਨ ਮੰਤਰੀ ਨੇ ਜਾਣ ਸਮੇਂ ਕਿਹਾ ਸੀ, ‘‘ਆਪਣੇ ਸੀਐੱਮ ਦਾ ਸ਼ੁਕਰੀਆ ਕਰਨਾ ਕਿ ਮੈਂ ਜ਼ਿੰਦਾ ਪਰਤ ਆਇਆ’।
ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕਾਂਗਰਸ ਲਗਾਤਾਰ ਇਹ ਆਖ ਕੇ ਬਚਾਅ ਕਰ ਰਹੀ ਹੈ ਕਿ ਦੌਰੇ ਮੌਕੇ ਮੋਦੀ ਨੂੰ ਕੋਈ ਖ਼ਤਰਾ ਨਹੀਂ ਸੀ। ਉਥੇ ਮੁੱਖ ਮੰਤਰੀ ਚੰਨੀ ਨੇ ਵੀ ਕਿਹਾ ਸੀ ਉਨ੍ਹਾਂ ਨੇ ਇਸ ਮਾਮਲੇ ਵਿਚ ਪ੍ਰਿਅੰਕਾ ਵਾਡਰਾ ਨੂੁੰ ਬ੍ਰੀਫ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਬਿਆਨ ’ਤੇ ਚੁਘ ਨੇ ਕਿਹਾ ਕਿ ਇਹ ਕੋਈ ਪਾਰਟੀ ਅਧਾਰਤ ਮਾਮਲਾ ਨਹੀਂ ਹੈ। ਪਹਿਲਾਂ ਸੋਨੀਆ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬ੍ਰੀਫਿੰਗ ਲੈਂਦੀ ਸੀ ਤੇ ਹੁਣ ਮੁੱਖ ਮੰਤਰੀ ਚੰਨੀ, ਪ੍ਰਿਅੰਕਾ ਨੂੰ ਬ੍ਰੀਫਿੰਗ ਦੇ ਰਹੇ ਹਨ।
ਉਥੇ ਸੰਬਿਤ ਨੇ ਕਿਹਾ ਕਿ ਪਿ੍ਰਅੰਕਾ ਵਾਡਰਾ ਕਿਸੇ ਸੰਵਿਧਾਨਕ ਅਹੁਦੇ ’ਤੇ ਨਹੀਂ ਹੈ, ਫਿਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬ੍ਰੀਫਿੰਗ ਕਿਵੇਂ ਦਿੱਤੀ? ਕਾਬਿਲੇ ਜ਼ਿਕਰ ਹੈ ਕਿ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਕਾਰਜਵਾਹਕ ਡੀਜੀਪੀ ਰਹੇ ਸਿਧਾਰਥ ਚੱਟੋਪਾਧਿਆਏ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਕਾਂਗਰਸ ਇਸ ਮਾਮਲੇ ਵਿਚ ਉਸ ਰੈਲੀ ਜਿਸ ਵਿਚ ਮੋਦੀ ਨੇ ਬੋਲਣਾ ਸੀ, ਵਿਚ ਭੀੜ ਨਾ ਜੁੜਣ ਦੀ ਗੱਲ ਆਖ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਤਾਂ ਇੱਥੋਂ ਤਕ ਕਿਹਾ ਕਿ ਮੋਦੀ ਨੇ ਤਾਂ ਸੜਕੀ ਰਸਤੇ ਜਾਣਾ ਨਹੀਂ ਸੀ ਫਿਰ ਉਹ ਅਚਾਨਕ ਸੜਕ ਦੇ ਰਸਤੇ ਕਿਉਂ ਗਏ? ਹਾਲਾਂਕਿ ਉਨ੍ਹਾਂ ਦੇ ਕੋਲ ਇਸ ਸਵਾਲ ਦਾ ਕੋਈ ਉੱਤਰ ਨਹੀਂ ਹੈ ਕਿ ਪੰਜਾਬ ਪੁਲਿਸ ਦੇ ਏਡੀਜੀਪੀ (ਅਮਨ-ਕਾਨੂੁੰਨ) ਨੇ ਵੀ ਇਕ ਲੱਖ ਲੋਕਾਂ ਦੀ ਹਾਜ਼ਰੀ ਹੋਣ ਕਿਸਾਨ ਕਾਰਕੁਨਾਂ ਵੱਲੋਂ ਰੋਸ ਮੁਜ਼ਾਹਰੇ ਕਰਨ ਨੂੰ ਲੈ ਕੇ ਬਦਲਵੇਂ ਰੂੁਟ ਤਿਆਰ ਕਰਨ ਦੀ ਹਦਾਇਤ ਕੀਤੀ ਸੀ। ਭਾਜਪਾ ਦੇ ਸੂੁਬਾ ਪ੍ਰਧਾਨ ਅਸ਼ਨੀ ਸ਼ਰਮਾ ਨੇ ਕਿਹਾ ਸੀ ਕਿ ਸਰਕਾਰ ਨੇ ਸਾਜ਼ਿਸ਼ ਤਹਿਤ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੁੰ ਉਸ ਰੂਟ ’ਤੇ ਭੇਜਿਆ, ਜਿੱਥੇ ਧਰਨਾ ਲੱਗਾ ਹੋਇਆ ਸੀ।