ਓਨਟਾਰੀਓ : ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨ ਮਾਪੇ, ਜਿਨ੍ਹਾਂ ਦੇ ਬੱਚੇ 11 ਸਾਲ ਤੇ ਇਸ ਤੋਂ ਘੱਟ ਉਮਰ ਦੇ ਹਨ, ਕੋਵਿਡ-19 ਖਿਲਾਫ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਕਰਵਾਉਣ ਲਈ ਤਿਆਰ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਹਰੇਕ ਦੋ ਮਾਪਿਆਂ ਵਿੱਚੋਂ ਇੱਕ ਵੱਲੋਂ ਇਹ ਆਖਿਆ ਗਿਆ ਕਿ ਉਹ ਜਲਦ ਤੋਂ ਜਲਦ, ਜਿਵੇਂ ਹੀ ਉਨ੍ਹਾਂ ਦੇ ਬੱਚਿਆਂ ਲਈ ਵੈਕਸੀਨੇਸ਼ਨ ਉਪਲਬਧ ਹੁੰਦੀ ਹੈ, ਆਪਣੇ ਬੱਚਿਆਂ ਦਾ ਟੀਕਾਕਰਣ ਕਰਵਾਉਣਾ ਚਾਹੁਣਗੇ। ਇਹ ਅੰਕੜੇ ਉਨ੍ਹਾਂ ਘਰਾਂ ਵਿੱਚ 63 ਫੀ ਸਦੀ ਤੱਕ ਅੱਪੜ ਗਏ ਜਿੱਥੇ ਮਾਪਿਆਂ ਨੇ ਯੂਨੀਵਰਸਿਟੀ ਐਜੂਕੇਸ਼ਨ ਹਾਸਲ ਕੀਤੀ ਹੋਈ ਹੈ।ਉਨ੍ਹਾਂ ਮਾਪਿਆਂ ਵਿੱਚ ਇਹ ਅੰਕੜਾ 46 ਫੀ ਸਦੀ ਹੀ ਪਾਇਆ ਗਿਆ ਜਿਹੜੇ ਹਾਈ ਸਕੂਲ ਡਿਪਲੋਮਾ ਤੱਕ ਜਾਂ ਇਸ ਤੋਂ ਵੀ ਘੱਟ ਪੜ੍ਹੇ ਹਨ।
ਕੈਨੇਡਾ ਭਰ ਵਿੱਚ ਕਰਵਾਏ ਗਏ ਇਸ ਸਰਵੇਖਣ ਵਿੱਚ 23 ਫੀ ਸਦੀ ਨੇ ਆਖਿਆ ਕਿ ਉਹ ਆਪਣੇ ਬੱਚਿਆਂ ਦਾ ਕੋਵਿਡ-19 ਖਿਲਾਫ ਟੀਕਾਕਰਣ ਨਹੀਂ ਕਰਵਾਉਣਗੇ। ਇਹ ਪ੍ਰਤੀਕਿਰਿਆ ਉਸ ਸਮੇਂ ਆਈ ਹੈ ਜਦੋਂ ਇਹ ਕਨਸੋਆਂ ਮਿਲ ਰਹੀਆਂ ਹਨ ਕਿ ਐਲੀਮੈਂਟਰੀ ਸਕੂਲਾਂ ਦੇ ਬੱਚੇ ਜਲਦ ਹੀ ਟੀਕਾਕਰਣ ਲਈ ਯੋਗ ਹੋਣਗੇ। ਫਾਈਜ਼ਰ ਵੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਣ ਲਈ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣ ਦੀ ਤਾਕ ਵਿੱਚ ਹੈ।
ਇਸ ਦੌਰਾਨ ਸਰਵੇਖਣ ਕਰਵਾਉਣ ਵਾਲੇ ਇੰਸਟੀਚਿਊਟ ਦਾ ਕਹਿਣਾ ਹੈ ਕਿ ਤੀਜਾ ਸ਼ੌਟ ਲਵਾਉਣ ਵਾਲਾ ਆਈਡੀਆਂ ਵੀ ਐਡਲਟਸ ਨੂੰ ਕਾਫੀ ਪਸੰਦ ਆਇਆ ਹੈ।