ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਗਣਤੰਤਰ ਦਿਵਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਈ ਏਜੰਸੀਆਂ ਤੋਂ ਸ਼ੱਕੀ ਅੱਤਵਾਦੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਨਿੱਜੀ ਨਿਊਜ਼ ਚੈਨਲ ਦੀ ਇਕ ਰਿਪੋਰਟ ਅਨੁਸਾਰ ਸੁਰੱਖਿਆ ਬਲਾਂ ਨੇ ਪੰਜ ਚੋਣਾਂ ਵਾਲੇ ਰਾਜਾਂ ‘ਚ ਤਾਇਨਾਤ ਅਧਿਕਾਰੀਆਂ ਅਤੇ ਸੈਨਿਕਾਂ ਲਈ ਵੀ ਅਲਰਟ ਜਾਰੀ ਕੀਤਾ ਹੈ।
ਸੁਰੱਖਿਆ ਅਲਰਟ ਅਨੁਸਾਰ, ਅੱਤਵਾਦੀ ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਬਾਜ਼ਾਰਾਂ ਤੋਂ ਇਲਾਵਾ ਉੱਚ-ਪ੍ਰੋਫਾਈਲ ਵਾਲੇ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਲਈ ਹਮਲਿਆਂ ਜਾਂ ਧਮਾਕੀਆਂ ਦੀ ਯੋਜਨਾ ਬਣਾ ਸਕਦੇ ਹਨ। ਉਹ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਅਸਥਾਨਾਂ ਅਤੇ ਅਹਿਮ ਅਦਾਰਿਆਂ ‘ਤੇ ਹਮਲੇ ਵੀ ਕਰ ਸਕਦੇ ਹਨ
ਰਿਪੋਰਟ ‘ਚ ਸੁਝਾਅ ਦਿੱਤਾ ਗਿਆ ਹੈ ਕਿ ਸੀਨੀਅਰ ਅਧਿਕਾਰੀਆਂ ਨੂੰ ਸਾਰੀਆਂ ਏਜੰਸੀਆਂ/ਸਟੇਕਹੋਲਡਰਾਂ ਨਾਲ ਲੋੜੀਂਦਾ ਤਾਲਮੇਲ ਕਾਇਮ ਕਰ ਕੇ ਸੁਰੱਖਿਆ ਅਭਿਆਸ, ਸਥਿਰ ਗਾਰਡ ਦੀ ਮਹੱਤਤਾ, ਸੰਕਟਕਾਲੀਨ ਸਥਿਤੀ ‘ਚ ਜਵਾਬ ਦੇਣ ਲਈ ਫੌਜੀ ਦਸਤਿਆਂ ਨੂੰ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ।
ਸਰਕਾਰ ਦੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਸੂਚਨਾਵਾਂ ਨੂੰ ਜਲਦੀ ਸਾਂਝਾ ਕਰਨ ਲਈ ਯੂਨਿਟ ਕੰਟਰੋਲ ਰੂਮ ਤੇ ਕੇਂਦਰਾਂ ਨੂੰ 24 ਘੰਟੇ ਢੁਕਵੇਂ ਢੰਗ ਨਾਲ ਚਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਨਪੁਟਸ ਦੀ ਸਮੇਂ ਸਿਰ ਪ੍ਰਾਪਤੀ ਲਈ ਆਪਣੇ ਸਰੋਤਾਂ ਨੂੰ ਸਰਗਰਮ ਕਰਨ ਦੇ ਨਾਲ-ਨਾਲ ਖੇਤਰ ‘ਚ ਖੁਫੀਆ ਏਜੰਸੀਆਂ ਅਤੇ ਸਿਵਲ ਪੁਲਿਸ ਨਾਲ ਨਜ਼ਦੀਕੀ ਤਾਲਮੇਲ ਬਣਾਈ ਰੱਖਿਆ ਜਾਣਾ ਚਾਹੀਦਾ ਹੈ।