ਇਮੀਗ੍ਰੈਂਟਸ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਉੱਤੇ ਵਿਰੋਧੀ ਧਿਰਾਂ ਨੇ ਫੋਰਡ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ

ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਮੀਗੈ੍ਰਂਟਸ ਬਾਰੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਵਿਰੋਧੀ ਧਿਰਾਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧ ਵਿੱਚ ਫੋਰਡ ਨੂੰ ਮੁਆਫੀ ਮੰਗਣ ਲਈ ਵੀ ਆਖਿਆ ਜਾ ਰਿਹਾ ਹੈ।
ਫੋਰਡ ਤੈਕੁਮਸੈਥ ਵਿੱਚ ਸਨ ਜਦੋਂ ਉਨ੍ਹਾਂ ਸਕਿੱਲਡ ਲੇਬਰ ਦੀ ਘਾਟ ਦੀ ਗੱਲ ਕਰਦਿਆਂ ਆਖਿਆ ਕਿ ਇਮੀਗ੍ਰੈਂਟਸ ਓਨਟਾਰੀਓ ਡੋਲ (ਬੇਰੋਜ਼ਗਾਰੀ ਭੱਤੇ) ਲੈਣ ਦੀ ਝਾਕ ਨਾਲ ਆਉਂਦੇ ਹਨ। ਉਨ੍ਹਾਂ ਆਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਥੇ ਵਿਹਲੇ ਬਹਿ ਕੇ ਡੋਲ ਹਾਸਲ ਕਰਨ ਲਈ ਆ ਰਹੇ ਹੋਂ ਤਾਂ ਅਜਿਹਾ ਨਹੀਂ ਹੋਣ ਵਾਲਾ। ਤੁਹਾਨੂੰ ਕਿਤੇ ਹੋਰ ਜਾਣਾ ਚਾਹੀਦਾ ਹੈ।
ਇਸ ਦੌਰਾਨ ਫੋਰਡ ਵੱਲੋਂ ਵਿੰਡਸਰ-ਐਸੈਕਸ ਵਿੱਚ ਨਵਾਂ ਮੈਗਾ ਹਸਪਤਾਲ ਖੋਲ੍ਹੇ ਜਾਣ ਲਈ 9·8 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ ਗਿਆ।ਇਮੀਗ੍ਰੈਂਟਸ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਨੂੰ ਓਨਟਾਰੀਓ ਦੇ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਨਿਰਾਸ਼ਾਜਨਕ ਦੱਸਿਆ ਤੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਫੋਰਡ ਇਸ ਸਬੰਧ ਵਿੱਚ ਮੁਆਫੀ ਮੰਗਣ। ਉਨ੍ਹਾਂ ਆਖਿਆ ਕਿ ਪ੍ਰੀਮੀਅਰ ਦਾ ਕੰਮ ਸਾਨੂੰ ਸੱਭ ਨੂੰ ਇੱਕਜੁੱਟ ਕਰਕੇ ਰੱਖਣਾ ਹੈ ਨਾ ਕਿ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਕਰਕੇ ਸਾਡੇ ਵਿੱਚ ਵੰਡੀਆ ਪਾਉਣਾ ਹੈ।ਉਨ੍ਹਾਂ ਅਖਿਆ ਕਿ ਖੁਦ ਇਮੀਗ੍ਰੈਂਟਸ ਦਾ ਲੜਕਾ ਹੋਣ ਨਾਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਵਾਂਗ ਹੀ ਕਿਸ ਤਰ੍ਹਾਂ ਹੋਰਨਾ ਲੋਕਾਂ ਨੇ ਓਨਟਾਰੀਓ ਦੇ ਨਿਰਮਾਣ ਵਿੱਚ ਆਪਣਾ ਖੂਨ ਪਸੀਨਾ ਇੱਕ ਕੀਤਾ ਹੈ। ਇਸ ਦੌਰਾਨ ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਵੀ ਡੈਲ ਡੂਕਾ ਦੇ ਬਿਆਨ ਦਾ ਸਮਰਥਨ ਕੀਤਾ।
ਜਦੋਂ ਇਸ ਬਾਰੇ ਫੋਰਡ ਦੀ ਰਾਇ ਜਾਨਣ ਦੀ ਕੋਸਿ਼ਸ਼ ਕੀਤੀ ਗਈ ਤਾਂ ਉਨ੍ਹਾਂ ਦੀ ਤਰਜ਼ਮਾਨ ਇਵਾਨਾ ਯੈਲਿਚ ਨੇ ਆਖਿਆ ਕਿ ਜਿਹੜੇ ਲੋਕ ਸਖ਼ਤ ਮਿਹਨਤ ਕਰਨ, ਆਪਣੇ ਪਰਿਵਾਰ ਦੀ ਮਦਦ ਕਰਨ ਤੇ ਆਪਣੀ ਕਮਿਊਨਿਟੀ ਲਈ ਯੋਗਦਾਨ ਪਾਉਣ ਵਾਲੇ ਹਨ ਉਨ੍ਹਾਂ ਲਈ ਓਨਟਾਰੀਓ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ।ਸਕਿੱਲਡ ਤੇ ਗੈਰ ਸਕਿੱਲਡ ਵਰਕਰਜ਼ ਰਾਹੀਂ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਓਨਟਾਰੀਓ ਹਮੇਸ਼ਾਂ ਤਿਆਰ ਹੈ।