ਮੁੰਬਈ : ਕਪਿਲ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਟੀਵੀ ’ਤੇ ਕਾਮੇਡੀ ਕਰਨ ਤੋਂ ਬਾਅਦ ਉਹ ਹੁਣ ਓਟੀਟੀ ’ਤੇ ਵੀ ਸਟੈਂਡਅਪ ਕਾਮੇਡੀ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦੇ ਸ਼ੋਅ ’ਚ ਕੰਮ ਕਰਨ ਵਾਲੇ ਇਕ ਕਾਮੇਡੀਅਨ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਰੋਨਾ ਮਹਾਮਾਰੀ ਅਤੇ ਤੰਗਹਾਲੀ ’ਚੋਂ ਲੰਘ ਰਹੇ ਇਸ ਕਾਮੇਡੀਅਨ ਦੀ ਆਰਥਿਕ ਹਾਲਤ ਖਰਾਬ ਦੱਸੀ ਜਾ ਰਹੀ ਹੈ
ਇਸ ਕਾਮੇਡੀਅਨ ਦਾ ਨਾਂ ਤੀਰਥਾਨੰਦ ਰਾਓ ਹੈ। ਜੋ ਕਿ ਇੱਕ ਵਧੀਆ ਮਿਮਿਕਰੀ ਕਲਾਕਾਰ ਵੀ ਹੈ। ਉਸਨੇ ਕਈ ਫਿਲਮਾਂ ਅਤੇ ਸ਼ੋਅ ਕੀਤੇ ਹਨ। ਤੀਰਥਾਨੰਦ ਨੇ 27 ਦਸੰਬਰ ਦੀ ਸ਼ਾਮ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਗੁਆਂਢੀਆਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਜਾਨ ਬਚਾਈ ਜਾ ਸਕੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਤੀਰਥਾਨੰਦ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਮੈਂ ਜ਼ਹਿਰ ਖਾ ਲਿਆ ਸੀ। ਆਰਥਿਕ ਤੰਗੀ ਦੇ ਨਾਲ-ਨਾਲ ਮੇਰੇ ਪਰਿਵਾਰਕ ਮੈਂਬਰ ਵੀ ਮੈਨੂੰ ਛੱਡ ਕੇ ਚਲੇ ਗਏ ਹਨ। ਜਦੋਂ ਮੈਂ ਜ਼ਹਿਰ ਖਾ ਲਿਆ ਤਾਂ ਕੋਈ ਮੈਨੂੰ ਮਿਲਣ ਨਹੀਂ ਆਇਆ। ਮੈਂ ਕਰਜ਼ੇ ਵਿੱਚ ਡੁੱਬਿਆ ਹਾਂ। ਮੈਂ ਘਰ ਵਿਚ ਇਕੱਲਾ ਰਹਿੰਦਾ ਹਾਂ। ਮੇਰੇ ਪਰਿਵਾਰ ਨੇ ਮੇਰੇ ਇਲਾਜ ਲਈ ਇੱਕ ਪੈਸਾ ਵੀ ਨਹੀਂ ਲਗਾਇਆ ਹੈ। ਪਤਨੀ ਨੇ ਦੂਜਾ ਵਿਆਹ ਕਰ ਲਿਆ ਹੈ।
ਤੀਰਥਾਨੰਦ ਰਾਓ ਕਪਿਲ ਸ਼ਰਮਾ ਸ਼ੋਅ ‘ਚ ਵੀ ਕੰਮ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਤੀਰਥਾਨੰਦ ਅਸਲ ਜ਼ਿੰਦਗੀ ਵਿੱਚ ਵੀ ਨਾਨਾ ਪਾਟੇਕਰ ਦੇ ਬਹੁਤ ਵੱਡੇ ਫੈਨ ਹਨ। ਉਹ ਨਾਨਾ ਪਾਟੇਕਰ ਦੀ ਦਿੱਖ ਲਈ ਵੀ ਮਸ਼ਹੂਰ ਹੈ। ਉਹ ਕਈ ਵਾਰ ਨਾਨਾ ਪਾਟੇਕਰ ਦੀ ਨਕਲ ਵੀ ਕਰ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਨਾਨਾ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਹਨ।