ਮੇਰੇ ਮੁਰਸ਼ਦ, ਮੇਰੇ ਰਹਿਬਰ ਡਾ. ਕਰਨੈਲ ਸਿੰਘ ਥਿੰਦ

ਡਾ. ਕਰਨੈਲ ਸਿੰਘ ਥਿੰਦ ਦੀ ਸ਼ਖ਼ਸੀਅਤ ਨੂੰ ਪ੍ਰਭਾਸ਼ਿਤ ਕਰਨ ਅਤੇ ਮੇਰੇ ਜੀਵਨ ਨੂੰ ਘੜਨ, ਸੁਆਰਨ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਮੈਂ ਦੋ ਸ਼ਬਦਾਂ ਦਾ ਆਸਰਾ ਲਿਆ ਹੈ। ਪਹਿਲਾ ਸ਼ਬਦ ਹੈ ਮੁਰਸ਼ਦ। ਮੁਰਸ਼ਦ ਦਾ ਅਰਥ ਹੈ ਇਰਸ਼ਾਦ ਕਰਨ ਵਾਲਾ, ਰਾਹ-ਦਸੇਰਾ ਜਾਂ ਪੱਥ-ਦਰਸ਼ਕ। ਇਹ ਗੁਰੂ ਜਾਂ ਅਧਿਆਪਕ ਦਾ ਪਰਿਆਇਵਾਚੀ ਵੀ ਹੈ। ਰਹਿਬਰ ਦਾ ਅਰਥ ਵੀ ਸਹੀ ਰਾਹੇ ਪਾਉਣ ਵਾਲਾ ਮਾਰਗ-ਦਰਸ਼ਕ ਹੈ। ਮੇਰੇ ਲਈ ਡਾ. ਥਿੰਦ ਦੇ ਇਹ ਦੋਵੇਂ ਗੁਣ ਅਤਿ ਮਹੱਤਵਪੂਰਨ ਹਨ। ਮੈਨੂੰ ਇਹ ਪ੍ਰਵਾਨ ਕਰਨ ਵਿਚ ਰਤੀ ਭਰ ਵੀ ਸ਼ੰਕਾ ਨਹੀਂ ਕਿ ਮੈਂ ਜੀਵਨ ਵਿਚ ਜੋ ਵੀ ਕਰ ਸਕਿਆ ਹਾਂ, ਉਸ ਦੇ ਪ੍ਰੇਰਕ ਡਾ. ਥਿੰਦ ਹੀ ਹਨ। ਪਹਿਲਾਂ ਮੁਰਸ਼ਦ ਵਾਲੀ ਗੱਲ ਲੈਂਦੇ ਹਾਂ।

ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਰਤਸਰ ਵਿੱਚੋਂ ਹਾਇਰ ਸੈਕੰਡਰੀ ਕਰਨ ਪਿੱਛੋਂ ਮੈਂ ਖ਼ਾਲਸਾ ਕਾਲਜ ਵਿਚ ਜਾ ਦਾਖ਼ਲ ਹੋਇਆਂ। ਬੀ.ਏ (ਆਨਰਜ਼) ਕਰਨ ਤੋਂ ਬਾਅਦ ਐੱਮ.ਏ. (ਪੰਜਾਬੀ) ਵਿਚ ਦਾਖ਼ਲਾ ਲੈ ਲਿਆ। ਐੱਮ.ੲ.ੇ ਦੇ ਪਹਿਲੇ ਸਾਲ ਵਿਚ ‘ਪੰਜਾਬੀ ਸਾਹਿਤ ਦਾ ਇਤਿਹਾਸ’ ਪਰਚਾ ਡਾ. ਥਿੰਦ ਪੜ੍ਹਾਉਂਦੇ ਸਨ ਅਤੇ ਦੂਜੇ ਸਾਲ ਵਿਚ ‘ਭਾਸ਼ਾ ਵਿਗਿਆਨ’ ਦਾ ਪਰਚਾ ਵੀ ਇਨ੍ਹਾਂ ਦੇ ਜ਼ਿੰਮੇ ਸੀ। ਇੰਜ ਮੈਨੂੰ ਐੱਮ.ਏ. ਦੇ ਦੋਹਾਂ ਸਾਲਾਂ ਵਿਚ ਡਾ. ਥਿੰਦ ਦੇ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ। ਨਿਯਮਤ ਕਲਾਸਾਂ ਲੈਣੀਆਂ, ਸਮੇਂ ਦੀ ਪਾਬੰਦੀ ਅਤੇ ਕੇਵਲ ਵਿਸ਼ੇ ਉਪਰ ਹੀ ਕੇਂਦਰਿਤ ਰਹਿਣਾ ਉਨ੍ਹਾਂ ਦੀ ਅਧਿਆਪਕੀ ਕੁਸ਼ਲਤਾ ਦੇ ਗੁਣ ਸਨ। ਖ਼ਾਲਸਾ ਕਾਲਜ, ਅੰਮਿ੍ਰਤਸਰ ਵੱਲੋਂ ਕਾਲਜ ਮੈਗਜ਼ੀਨ ਨਿਕਲਦਾ ਹੈ ‘ਦਰਬਾਰ’। ਮੈਂ ‘ਦਰਬਾਰ’ ਦਾ ਵਿਦਿਆਰਥੀ ਸੰਪਾਦਕ ਵੀ ਸਾਂ। ਸੰਨ 1971 ਵਿਚ ਡਾ. ਥਿੰਦ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐੱਚਡੀ ਹਾਸਲ ਕੀਤੀ। ਸਾਰੇ ਕਾਲਜ ਵਿਚ ਬਹੁਤ ਘੱਟ ਅਧਿਆਪਕ ਸਨ ਜਿਨ੍ਹਾਂ ਕੋਲ ਇਹ ਡਿਗਰੀ ਸੀ। ਪੰਜਾਬੀ ਵਿਭਾਗ ਵਿਚ ਤਾਂ ਕੋਈ ਵੀ ਨਹੀਂ ਸੀ। ਉਦੋਂ ਹੀ ਕਾਲਜ ਨੇ ‘ਦਰਬਾਰ’ ਤੋਂ ਇਲਾਵਾ ਖ਼ਾਲਸਾ ਕਾਲਜ ਪੱਤਿ੍ਰਕਾ ਨਾਂ ਦਾ ਪੱਤਰ ਕਾਲਜ ਦੀਆਂ ਸਰਗਰਮੀਆਂ ਨਾਲੋ ਨਾਲ ਪਾਠਕਾਂ ਤਕ ਪਹੁੰਚਾਉਣ ਲਈ ਜਾਰੀ ਕੀਤਾ ਜਿਸ ਦੇ ਸੰਪਾਦਕ ਡਾ. ਥਿੰਦ ਸਨ। ਉਨ੍ਹਾਂ ਨੂੰ ਮੇਰੇ ‘ਦਰਬਾਰ’ ਦੇ ਵਿਦਿਆਰਥੀ ਸੰਪਾਦਕ ਹੋਣ ਦਾ ਪਹਿਲਾਂ ਹੀ ਪਤਾ ਸੀ, ਸ਼ਾਇਦ ਏਸੇ ਲਈ ਮੈਨੂੰ ਉਨ੍ਹਾਂ ਖ਼ਾਲਸਾ ਕਾਲਜ ਪੱਤਿ੍ਰਕਾ ਲਈ ਆਪਣੇ ਨਾਲ ਲਾ ਲਿਆ। ਹਲਕਾ ਜੇਹਾ ਯਾਦ ਹੈ ਕਿ ਉਦੋਂ ਖ਼ਾਲਸਾ ਕਾਲਜ ਪੱਤਿ੍ਰਕਾ ਦੇ ਅੰਕਾਂ ਵਿਚ ਇਕ ਜਾਂ ਦੋ ਲੇਖ ਮੇਰੇ ਵੀ ਛਪੇ ਸਨ। ਸ਼ਾਇਦ ਇਹ ਐੱਮ.ਏ. ਭਾਗ ਦੂਜਾ ਦੇ ਸਮੇਂ ਦੀ ਗੱਲ ਹੈ। ਪੰਜਾਬੀ ਵਿਭਾਗ ਦਾ ਇਕ ਅਧਿਆਪਕ ਕੰਮ ਤੋਂ ਜੀਅ ਚੁਰਾਂਦਾ ਹੁੰਦਾ ਸੀ ਪਰ ਬੱਦੋਰੁੱਦੀ ਉਸ ਨੂੰ ਕਲਾਸਾਂ ਵਿਚ ਜਾਣਾ ਪੈਂਦਾ ਸੀ। ਪੜ੍ਹਨ ਵਿਚ ਚੰਗਾ ਭਲਾ ਹੋਣ ਕਰ ਕੇ ਉਸ ਨੇ ਪਲੋਸ ਕੇ ਆਪਣੀਆਂ ਬੀ.ਏ. ਦੀਆਂ ਕਲਾਸਾਂ ਲੈਣ ਲਈ ਮੈਨੂੰ ਭੇਜਣਾ ਸ਼ੁਰੂ ਕਰ ਦਿੱਤਾ। ਪ੍ਰੋ. ਦੀਵਾਨ ਸਿੰਘ ਹੁਰਾਂ ਦੀ ਨਿਯੁਕਤੀ ਨਵੇਂ ਖੁੱਲ੍ਹੇ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਚ ਹੋ ਚੁੱਕੀ ਸੀ ਤੇ ਡਾ. ਥਿੰਦ ਪੰਜਾਬੀ ਵਿਭਾਗ ਦੇ ਮੁਖੀ ਬਣ ਚੁੱਕੇ ਸਨ। ਮੇਰੇ ਕਲਾਸਾਂ ਲੈਣ ਦੀ ਗੱਲ ਉਨ੍ਹਾਂ ਕੋਲ ਵੀ ਪਹੁੰਚ ਗਈ। ਇਕ ਦਿਨ ਉਨ੍ਹਾਂ ਮੈਨੂੰ ਆਪਣੇ ਕਮਰੇ ਵਿਚ ਬੁਲਾ ਕੇ ਕਿਹਾ ਕਿ ਤਨਖਾਹ ਤਾਂ ਉਸ ਅਧਿਆਪਕ ਨੂੰ ਮਿਲਣੀ ਹੈ, ਤੂੰ ਕਿਸ ਹੈਸੀਅਤ ਨਾਲ ਉਸ ਦੀਆਂ ਕਲਾਸਾਂ ਲੈਂਦਾ ਹੈਂ? ਤੈਨੂੰ ਪਤਾ ਹੈ ਕਿ ਇਹ ਇਕ ਅਨੁਸ਼ਾਸਨੀ ਮਸਲਾ ਵੀ ਹੈ? ਡਾ. ਥਿੰਦ ਨੇ ਸਬੰਧਿਤ ਅਧਿਆਪਕ ਨੂੰ ਤਾਂ ਕੁਝ ਨਾ ਕਿਹਾ ਪਰ ਗੱਲ ਮੇਰੀ ਸਮਝ ਵਿਚ ਪੈ ਗਈ ਸੀ।

ਐੱਮ.ਏ. ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਹੋਈ। ਉਨ੍ਹਾਂ ਹੀ ਦਿਨਾਂ ਵਿਚ ਖ਼ਾਲਸਾ ਕਾਲਜ, ਅੰਮਿ੍ਰਤਸਰ ਵਿਚ ਪੰਜਾਬੀ ਦੇ ਲੈਕਚਰਾਰ ਦੀ ਆਸਾਮੀ ਵਿਗਿਆਪਤ ਹੋਈ। ਕਾਲਜ ਵਿੱਚੋਂ ਅੱਵਲ ਰਹਿਣ ਕਰਕੇ, ਕਈ ਇਨਾਮ ਤੇ ਮੈਡਲ ਹਾਸਲ ਕਰਨ ਕਰਕੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਕਰਕੇ ਮੈਂ ਆਪਣੇ ਆਪ ਨੂੰ ਇਸ ਅਸਾਮੀ ਲਈ ਸਭ ਤੋਂ ਢੁਕਵਾਂ ਉਮੀਦਵਾਰ ਸਮਝੀ ਬੈਠਾ ਸਾਂ। ਜਦ ਇੰਟਰਵਿਊ ਹੋਈ ਤਾਂ ਜਸਵੰਤ ਸਿੰਘ ਖੁਮਾਰ ਚੁਣਿਆ ਗਿਆ। ਕੁਝ ਦਿਨ ਬਾਅਦ ਜਦ ਕਾਲਜ ਵਿਚ ਗਿਆ ਤਾਂ ਡਾ. ਥਿੰਦ ਨਾਲ ਮੇਲ ਹੋ ਗਿਆ। ਉਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਨਾਲ ਹੀ ਇਹ ਭਰੋਸਾ ਦਿੱਤਾ ਕਿ ਉਹ ਕੁਝ ਸੋਚਣਗੇ।

ਜੂਨ 1972 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਨਵੇਂ ਖੁੱਲ੍ਹੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਭਾਗ ਵਿਚ ਖੋਜ ਵਿਦਿਆਰਥੀ ਦੀ ਅਸਾਮੀ ਨਿਕਲੀ। ਇਸ ਵਿਭਾਗ ਦੇ ਮੁਖੀ ਡਾ. ਪਿਆਰ ਸਿੰਘ ਸਨ। ਇਸ ਤੋਂ ਪਹਿਲਾਂ ਮੈਂ ਡਾ. ਪਿਆਰ ਸਿੰਘ ਦਾ ਨਾਂ ਵੀ ਨਹੀਂ ਸੀ ਸੁਣਿਆ ਅਤੇ ਨਾ ਹੀ ਕਦੀ ਉਨ੍ਹਾਂ ਨੂੰ ਮਿਲਿਆ ਸਾਂ। ਡਾ. ਥਿੰਦ, ਡਾ. ਪਿਆਰ ਸਿੰਘ ਦੇ ਪਹਿਲਾਂ ਤੋਂ ਜਾਣੂ ਸਨ। ਉਨ੍ਹਾਂ ਨੇ ਡਾ. ਪਿਆਰ ਸਿੰਘ ਨਾਲ ਗੱਲ ਕੀਤੀ ਕਿ ਸਾਡਾ ਇਕ ਵਿਦਿਆਰਥੀ ਹੈ ਜੋ ਐੱਮ.ਏ. ਵਿੱਚੋਂ ਫਸਟ ਡਵੀਜ਼ਨ ਲੈ ਕੇ ਪਾਸ ਹੋਇਆ ਹੈ ਅਤੇ ਯੂਨੀਵਰਸਿਟੀ ਵਿੱਚੋਂ ਉਸ ਦੀ ਦੂਜੀ ਪੁਜੀਸ਼ਨ ਵੀ ਆਈ ਹੈ, ਤੁਸੀਂ ਉਸ ਦਾ ਨਾਂ ਵੀ ਵਿਚਾਰ ਲੈਣਾ। ਮੈਂ ਖੋਜ ਵਿਦਿਆਰਥੀ ਦੀ ਅਸਾਮੀ ਲਈ ਅਰਜ਼ੀ ਦੇ ਦਿੱਤੀ। ਫਸਟ ਡਵੀਜ਼ਨਰ ਨੂੰ ਹੋਰ ਕੋਈ ਉਮੀਦਵਾਰ ਨਹੀਂ ਸੀ, ਇਸ ਲਈ ਮੇਰੀ ਚੋਣ ਹੋ ਗਈ। ਇੰਜ ਡਾ. ਥਿੰਦ ਮੇਰੇ ਯੂਨੀਵਰਸਿਟੀ ਵਿਚ ਪ੍ਰਵੇਸ਼ ਕਾਰਕ ਬਣੇ। ਕੁਝ ਚਿਰ ਮਗਰੋਂ ਉਹ ਏਸੇ ਯੂਨੀਵਰਸਿਟੀ ਦੇ ਏਸੇ ਵਿਭਾਗ ਵਿਚ ਆ ਗਏ ਅਤੇ ਮੇਲ ਜੋਲ ਦਾ ਇਹ ਸਿਲਸਿਲਾ ਅੱਗੇ ਵਧਣ ਲੱਗਾ।

ਹੋਰ ਕਿਧਰੇ ਜਾਣ ਦੀ ਮੇਰੀ ਲਾਲਸਾ ਮੁੱਕ ਗਈ। ਏਸੇ ਲਈ ਮੇਰੀ 33-34 ਸਾਲਾਂ ਦੀ ਸਾਰੀ ਦੀ ਸਾਰੀ ਨੌਕਰੀ ਏਸੇ ਯੂਨੀਵਰਸਿਟੀ ਦੀ ਹੈ। ਜੁਲਾਈ 1979 ਵਿਚ ਪੰਜਾਬੀ ਅਧਿਐਨ ਵਿਭਾਗ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਭਾਗ ਇਕੱਠੇ ਕਰ ਦਿੱਤੇ ਗਏ ਅਤੇ ਇੰਜ ਅਧਿਆਪਨ ਅਤੇ ਖੋਜ ਦੇ ਮੇਰੇ ਦੋਵੇਂ ਸ਼ੌਕ ਪੂਰੇ ਹੋਣ ਲੱਗੇ।

ਜੁਲਾਈ 1977 ਵਿਚ ਡਾ. ਪਿਆਰ ਸਿੰਘ ਦੇ ਸੇਵਾਮੁਕਤ ਹੋਣ ਮਗਰੋਂ, ਡਾ. ਥਿੰਦ ਵਿਭਾਗ ਦੇ ਮੁਖੀ ਬਣੇ। ਜਿਹੜੀਆਂ ਪਿਰਤਾਂ ਪਹਿਲੇ ਮੁਖੀ ਨੇ ਪਾਈਆਂ ਸਨ, ਉਨ੍ਹਾਂ ਨੂੰ ਡਾ. ਥਿੰਦ ਨੇ ਜਾਰੀ ਰੱਖਿਆ। ਮੇਰੀਆਂ ਦੋ ਪੁਸਤਕਾਂ ਏਸੇ ਅਰਸੇ ਵਿਚ ਛਪੀਆਂ। ਸ਼ੌਕ ਸ਼ੌਕ ਵਿਚ ਮੈਂ ਉਪਾਧੀ ਸਾਪੇਖ ਖੋਜ ਦਾ ਵਿਵਰਣ ਇਕੱਠਾ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਸੀ ਜਿਸ ਦੀਆਂ ਦੋ ਕਿਸ਼ਤਾਂ ਖੋਜ ਦਰਪਣ ਵਿਚ ਛਪੀਆਂ। ਮਗਰੋਂ ਕੁਝ ਹੋਰ ਸਮੱਗਰੀ ਇਕੱਠੀ ਹੋ ਗਈ ਅਤੇ ਇਸ ਨੂੰ ਕਿਤਾਬੀ ਰੂਪ ਦੇਣ ਦਾ ਫੁਰਨਾ ਫੁਰਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪੰਜਾਬੀ ਖੋਜ ਦਾ ਕੰਮ ਸਭ ਤੋਂ ਵੱਧ ਹੋਇਆ ਸੀ। ਡਾ. ਸੁਰਿੰਦਰ ਸਿੰਘ ਕੋਹਲੀ ਉਸ ਵੇਲੇ ਪੰਜਾਬੀ ਵਿਭਾਗ ਦੇ ਮੁਖੀ ਸਨ। ਡਾ. ਥਿੰਦ ਨੇ ਉੱਥੋਂ ਦਾ ਸਾਰਾ ਵੇਰਵਾ ਮੰਗਵਾ ਕੇ ਮੇਰੇ ਸਪੁਰਦ ਕਰ ਦਿੱਤਾ। ਇੰਜ ਇਸ ਵਿਸ਼ੇ ਉਪਰ ਮੇਰੀ ਕਿਤਾਬ ਪੰਜਾਬੀ ਦੇ ਪ੍ਰਵਾਨਿਤ ਖੋਜ-ਪ੍ਰਬੰਧ (1985)ਤਿਆਰ ਹੋਈ।

ਅੱਜ ਕੱਲ੍ਹ ਏਸੇ ਕਿਤਾਬ ਦੇ ਸੋਧੇ ਰੂਪ ਦੇ ਤਿੰਨ ਹੋਰ ਸੰਸਕਰਣ ਛਪ ਚੁੱਕੇ ਹਨ। ਡਾ. ਥਿੰਦ ਦੀ ਸੰਗਤ ਵਿਚ ਰਹਿ ਕੇ ਸ਼ੁਰੂ ਸ਼ੁਰੂ ਵਿਚ ਮੈਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਲੋਕ ਧਾਰਾ ਬਾਰੇ ਕੁਝ ਲੇਖ ਵੀ ਲਿਖੇ। ਜਦ ਪੰਜਾਬੀ ਵਿਭਾਗ ਵਿਚ ਅਧਿਆਪਕਾਂ ਦੇ ਕੰਮ ਦੀ ਵੰਡ ਹੋਈ ਤਾਂ ਉਨ੍ਹਾਂ ਮੈਨੂੰ ਸੱਦ ਕੇ ਪੁੱਛਿਆ ਕਿ ਮੈਂ ਸਾਹਿਤ ਵਿੰਗ ਵਿਚ ਰਹਿਣਾ ਚਾਹੁੰਦਾ ਹਾਂ ਕਿ ਲੋਕ ਧਾਰਾ ਦੇ ਵਿੰਗ ਵਿਚ। ਮੈਂ ਸਾਹਿਤ ਵਿੰਗ ਵਿਚ ਵਧੇਰੇ ਦਿਲਚਸਪੀ ਪ੍ਰਗਟ ਕੀਤੀ ਤਾਂ ਇਸ ਪਾਸੇ ਰਹਿ ਗਿਆ। ਮਗਰੋਂ ਡਾ. ਥਿੰਦ ਯੂਨੀਵਰਸਿਟੀ ਵਿਚ ਰਜਿਸਟਰਾਰ ਜਾ ਲੱਗੇ ਜਿਸ ਕਰਕੇ ਪਹਿਲਾਂ ਵਾਲਾ ਮੇਲ ਜੋਲ ਤਾਂ ਨਾ ਰਿਹਾ ਪਰ ਉਨ੍ਹਾਂ ਦਾ ਆਦਰ-ਮਾਣ ਮੇਰੇ ਮਨ ਵਿਚ ਉਸੇ ਤਰ੍ਹਾਂ ਬਣਿਆ ਰਿਹਾ।

ਇੰਜ ਮੇਰੇ ਜੀਵਨ ਨੂੰ ਘੜਨ ਸੁਆਰਨ ਵਿਚ ਡਾ. ਥਿੰਦ ਦੀ ਭੂਮਿਕਾ ਅਭੁੱਲ ਹੈ। ਉਹ ਹਰ ਕਿਸੇ ਦੇ ਮਦਦਗਾਰ ਸਨ ਅਤੇ ਕੰਮ ਸੁਆਰਨ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਸਨ। ਰਜਿਸਟਰਾਰ ਵਜੋਂ ਵੀ ਉਨ੍ਹਾਂ ਦੀ ਏਹੀ ਪਹੁੰਚ ਰਹੀ। ਮੁਮਕਿਨ ਹੈ ਕਿ ਜੇ ਉਨ੍ਹਾਂ ਮੈਨੂੰ ਯੂਨੀਵਰਸਿਟੀ ਦਾ ਰਾਹ ਨਾ ਵਿਖਾਇਆ ਹੁੰਦਾ ਤਾਂ ਮੈਂ ਵੀ ਕਿਸੇ ਕਾਲਜ ਦੀ ਭਾਲ ਕਰਦਾ। ਪੰਜਾਬੀ ਅਕਾਦਮਿਕਤਾ ਵਿਚ ਜੋ ਮਾੜਾ ਚੰਗਾ ਨਾਂ ਕਮਾ ਸਕਿਆ ਹਾਂ ਤਾਂ ਨਿਸ਼ਚੈ ਹੀ ਡਾ. ਕਰਨੈਲ ਸਿੰਘ ਥਿੰਦ ਦੀ ਅਗਵਾਈ, ਹੱਲਾਸ਼ੇਰੀ ਅਤੇ ਉਤਸ਼ਾਹ ਹੈ।

– ਡਾ. ਧਰਮ ਸਿੰਘ